ਰੂਹ ਦੀ ਖੁਰਾਕ ਹਨ ਖ਼ੁਸ਼ੀਆਂ

ਕੁਲਦੀਪ ਸਿੰਘ ਸਾਹਿਲ
ਦੁਨੀਆ ਵਿੱਚ ਹਰ ਸਾਲ 20 ਮਾਰਚ ਨੂੰ ਅੰਤਰਰਾਸ਼ਟਰੀ ਖ਼ੁਸ਼ੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਆਖਿਰ ਇਹ ਦਿਨ ਮਨਾਉਣ ਦੀ ਲੋੜ ਕਿਉਂ ਪਈ? ਇਸ ਦਿਨ ਨੂੰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਜੈਮੀ ਇਲੀਅਨ ਦੀ ਵਜ੍ਹਾ ਕਰਕੇ ਮਨਾਇਆ ਜਾਂਦਾ ਹੈ ਜੋ ਅਨਾਥ ਸੀ। ਜਦੋਂ ਵੀ ਉਹ ਮਾਸੂਮ ਅਤੇ ਗ਼ਰੀਬ ਅਨਾਥ ਬੱਚਿਆਂ ਦੇ ਚਿਹਰਿਆਂ ’ਤੇ ਉਦਾਸੀ ਦੇਖਦਾ ਤਾਂ ਉਹ ਸੋਚਦਾ ਕਿ ਸਾਲ ਵਿੱਚ ਘੱਟੋ ਘੱਟ ਇੱਕ ਖ਼ੁਸ਼ੀ ਦਾ ਦਿਨ ਇਹੋ ਜਿਹੇ ਲੋਕਾਂ ਲਈ ਵੀ ਰੱਖਿਆ ਜਾਵੇ। ਇਸ ਸਮਾਜ ਸੇਵੀ ਨੇ ਜ਼ਿੰਦਗੀ ਵਿੱਚ ਖ਼ੁਸ਼ੀ ਦੀ ਮਹੱਤਤਾ ’ਤੇ ਕਾਫ਼ੀ ਕੰਮ ਕੀਤਾ ਹੈ। ਉਸ ਅਨੁਸਾਰ ਜੇਕਰ ਕੋਈ ਵਿਅਕਤੀ ਜਾਂ ਦੇਸ਼ ਜੀਵਨ ਵਿੱਚ ਖ਼ੁਸ਼ ਹੁੰਦਾ ਹੈ ਤਾਂ ਉਹ ਬਹੁਤ ਤੇਜ਼ੀ ਨਾਲ ਤਰੱਕੀ ਕਰਦਾ ਹੈ ਅਤੇ ਅੱਗੇ ਵਧਦਾ ਹੈ।
ਇਸ ਦਿਵਸ ਨੂੰ ਮਨਾਉਣ ਦਾ ਮਕਸਦ ਜ਼ਿੰਦਗੀ ਦੇ ਨਜ਼ਰੀਏ ਵਿੱਚ ਬਦਲਾਅ ਕਰਨਾ ਹੈ, ਦੁਨੀਆ ਨੂੰ ਇਸ ਗੱਲ ਦਾ ਅਹਿਸਾਸ ਦਿਵਾਉਣਾ ਹੈ ਕਿ ਸਿਰਫ਼ ਆਰਥਿਕ ਵਿਕਾਸ ਹੀ ਜ਼ਰੂਰੀ ਨਹੀਂ ਬਲਕਿ ਲੋਕਾਂ ਦੀ ਜ਼ਿੰਦਗੀ ਵਿੱਚ ਖ਼ੁਸ਼ਹਾਲੀ ਅਤੇ ਸੁੱਖ ਨੂੰ ਵਧਾਉਣਾ ਵੀ ਬੇਹੱਦ ਜ਼ਰੂਰੀ ਹੈ। ਦੁਨੀਆ ਵਿੱਚ ਜਿਸ ਇਨਸਾਨ ਨੇ ਜ਼ਿੰਦਗੀ ਨੂੰ ਸਮਝ ਲਿਆ ਹੈ ਅਤੇ ਜਿਊਣ ਦੀ ਕਲਾ ਸਿੱਖ ਲਈ ਹੈ, ਉਹ ਦੁਨੀਆ ਦੇ ਖ਼ੁਸ਼ਹਾਲ ਅਤੇ ਮਹਾਨ ਵਿਅਕਤੀਆਂ ਵਿੱਚ ਗਿਣਿਆ ਜਾਂਦਾ ਹੈ। ਜ਼ਿੰਦਗੀ ਦਾ ਸਭ ਤੋਂ ਵੱਧ ਖ਼ੁਸ਼ਹਾਲ ਵਕਤ ਬਚਪਨ ਨੂੰ ਮੰਨਿਆ ਗਿਆ ਹੈ। ਉਸ ਤੋਂ ਬਾਅਦ ਜਿਉਂ ਜਿਉਂ ਇਨਸਾਨ ਹੋਸ਼ ਸੰਭਾਲਦਾ ਹੈ, ਉਸੇ ਤਰ੍ਹਾਂ ਜ਼ਿੰਮੇਵਾਰੀਆਂ ਦੀ ਦਹਿਲੀਜ਼ ’ਤੇ ਖਲੋ ਜਾਂਦਾ ਹੈ। ਅਸੀਂ ਰੋਜ਼ਮਰਾ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਇੰਨੇ ਉਲਝ ਗਏ ਹਾਂ ਕਿ ਕਦੇ ਕੁਝ ਸਮਾਂ ਇਕੱਲੇ ਬੈਠ ਕੇ ਆਪਣੇ ਬਾਰੇ ਸੋਚਣਾ ਵੀ ਦੂਰ ਹੋ ਗਿਆ ਹੈ।
ਖ਼ੁਸ਼ਹਾਲ ਜ਼ਿੰਦਗੀ ਬਾਰੇ ਲੋਕਾਂ ਦੀ ਅਲੱਗ ਅਲੱਗ ਸੋਚ ਹੋ ਸਕਦੀ ਹੈ। ਇਹ ਸੋਚ ਉਨ੍ਹਾਂ ਦੇ ਰਹਿਣ-ਸਹਿਣ, ਅਮੀਰੀ-ਗਰੀਬੀ, ਦੇਸ਼ ਅਤੇ ਵਿਚਾਰਧਾਰਾ ’ਤੇ ਨਿਰਭਰ ਕਰਦੀ ਹੈ ਜਿਵੇਂ ਕਿ ਛੋਟੇ ਬੱਚਿਆਂ ਲਈ ਖਿਡਾਉਣਿਆਂ ਵਿੱਚ ਹੀ ਖ਼ੁਸ਼ੀ ਹੈ। ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਆ ਜਾਵੇ ਇਸ ਲਈ ਕੋਈ ਫਾਰਮੂਲਾ ਬਣਾਉਣਾ ਤਾਂ ਸੰਭਵ ਨਹੀਂ ਕਿਉਂਕਿ ਹਰ ਵਿਅਕਤੀ ਦੀ ਆਪਣੀ ਜ਼ਿੰਮੇਵਾਰੀ ਅਤੇ ਆਪਣਾ ਸੰਘਰਸ਼ ਹੁੰਦਾ ਹੈ ਅਤੇ ਉਸ ਮੁਤਾਬਕ ਉਸ ਨੂੰ ਜੀਵਨ ਜਿਊਣਾ ਹੁੰਦਾ ਹੈ, ਪਰ ਇਹ ਵੀ ਸੱਚ ਹੈ ਕਿ ਜ਼ਿੰਦਗੀ ਦੀ ਸਾਰਥਿਕਤਾ ਇਸ ਗੱਲ ’ਚ ਹੈ ਕਿ ਤੁਸੀਂ ਕਿੰਨਾ ਸਮਾਂ ਖ਼ੁਸ਼ ਰਹਿ ਕੇ ਬਿਤਾਇਆ ਹੈ। ਇਹ ਪੈਸਿਆਂ ’ਤੇ ਨਿਰਭਰ ਨਹੀਂ ਕਰਦਾ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਾਡਾ ਖ਼ੁਸ਼ੀਆਂ ਨੂੰ ਲੱਭਣ ਅਤੇ ਮਹਿਸੂਸ ਕਰਨ ਦਾ ਨਜ਼ਰੀਆ ਕਿਹੋ ਜਿਹਾ ਹੈ? ਜੇਕਰ ਇਸ ਤਰ੍ਹਾਂ ਹੁੰਦਾ ਤਾਂ ਉਵੇਂ ਹੁੰਦਾ, ਵਰਗੀ ਸੋਚ ਰੱਖਣ ਤੋਂ ਬਾਅਦ ’ਚ ਸਿਰਫ਼ ਇੱਕ ਅਹਿਸਾਸ ਰਹਿ ਜਾਂਦਾ ਹੈ ਕਿ ਕਾਸ਼! ਜ਼ਿੰਦਗੀ ਨੇ ਮੈਨੂੰ ਖ਼ੁਸ਼ਹਾਲ ਬਣਾਇਆ ਹੁੰਦਾ। ਸਹੀ ਸਮਾਂ ਵਰਤਮਾਨ ਹੀ ਹੈ। ਆਪਣੀ ਬੰਦ ਮੁੱਠੀ ਨੂੰ ਹੌਲੀ-ਹੌਲੀ ਖੋਲ੍ਹੋ, ਖੁਸ਼ੀਆਂ ਨੂੰ ਆਜ਼ਾਦ ਕਰੋ ਅਤੇ ਆਪਣੇ ਜੀਵਨ ਦੇ ਇੱਕ ਇੱਕ ਪਲ ਨੂੰ ਇਨ੍ਹਾਂ ਖ਼ੁਸ਼ੀਆਂ ਦੇ ਨਾਲ ਜਿਊਣ ਦੀ ਕੋਸ਼ਿਸ਼ ਕਰੋ। ‘ਮੈਂ ਹਰ ਹਾਲ ’ਚ ਖ਼ੁਸ਼ ਰਹਿਣਾ ਹੈ’ ਇਸ ਮੂਲਮੰਤਰ ਨੂੰ ਆਪਣੀ ਆਦਤ ’ਚ ਸ਼ਾਮਲ ਕਰੋ। ਸਭ ਤੋਂ ਪਹਿਲਾਂ ਹੌਲੀ ਜਿਹੇ ਮੁਸਕਰਾਓ, ਫਿਰ ਥੋੜ੍ਹਾ ਹੋਰ ਮੁਸਕਰਾਓ, ਹੌਲੀ-ਹੌਲੀ ਮੁਸਕਰਾਹਟ ਨੂੰ ਹਾਸੇ ’ਚ ਤਬਦੀਲ ਕਰੋ, ਫਿਰ ਖਿੜ-ਖਿੜਾ ਕੇ ਹੱਸੋ। ਇਹ ਡਿਪਰੈਸ਼ਨ, ਚਿੰਤਾ ਅਤੇ ਉਦਾਸੀ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਕਾਰਗਰ ਉਪਾਅ ਹੈ। ਪਹਿਲਾਂ ਫੁਰਸਤ ਦਾ ਸਮਾਂ ਚੁਣੋ। ਇਸ ਦਾ ਜਵਾਬ ਇਹ ਨਹੀਂ ਹੋਣਾ ਚਾਹੀਦਾ ਕਿ ਕੰਮ ਤੋਂ ਫੁਰਸਤ ਹੀ ਨਹੀਂ ਮਿਲਦੀ। ਬਿਨਾਂ ਕਿਸੇ ਵਜ੍ਹਾ ਨਾਲ ਹੱਸਣਾ ਸ਼ੁਰੂ ਕਰੋ, ਖੁੱਲ੍ਹ ਕੇ ਹੱਸੋ, ਬਿਨਾਂ ਕਿਸੇ ਸੰਕੋਚ ਦੇ ਹੱਸੋ। ਮਨੋਵਿਗਿਆਨੀਆਂ ਨੇ ਵੀ ਵਿਗਿਆਨਕ ਆਧਾਰ ’ਤੇ ਤਜਰਬੇ ਕਰਕੇ ਵਾਰ ਵਾਰ ਸਿੱਧ ਕੀਤਾ ਹੈ ਕਿ ਸਕਾਰਾਤਮਕ ਸੋਚ, ਮਿਹਨਤ, ਪ੍ਰਤੀਬੱਧਤਾ, ਲਗਨ ਅਤੇ ਦ੍ਰਿੜ ਵਿਸ਼ਵਾਸ ਦੇ ਸਾਹਮਣੇ ਜ਼ਿੰਦਗੀ ਦੀਆਂ ਸਭ ਮੁਸੀਬਤਾਂ ਸਿਰ ਝੁਕਾ ਦਿੰਦੀਆਂ ਹਨ ਅਤੇ ਅਜਿਹੇ ਮਨੁੱਖ ਦਾ ਕੁਦਰਤ ਵੀ ਸਾਥ ਦੇਣ ਲੱਗਦੀ ਹੈ।
ਕਿਸੇ ਸ਼ਾਇਰ ਨੇ ਕਿੰਨਾ ਖ਼ੂਬ ਲਿਖਿਆ ਹੈ;
ਖੁਦੀ ਕੋ ਕਰ ਬੁਲੰਦ ਇਤਨਾ
ਕਿ ਹਰ ਤਕਦੀਰ ਲਿਖਨੇ ਸੇ ਪਹਿਲੇ
ਖੁਦਾ ਬੰਦੇ ਸੇ ਪੂਛੇ
ਬਤਾ ਤੇਰੀ ਰਜ਼ਾ ਕਿਆ ਹੈ।
ਖ਼ੁਸ਼ ਰਹਿਣਾ ਵੀ ਇੱਕ ਕਲਾ ਹੈ। ਇਹ ਸਮਝਦਾਰੀ ਵੀ ਹੈ। ਖ਼ੁਸ਼ਹਾਲ ਜੀਵਨ ਅੱਗੇ ਵਧਣ ਦਾ ਸਿਧਾਂਤ ਹੈ, ਸਥਿਰ ਰਹਿਣ ਦਾ ਨਹੀਂ। ਜ਼ਿੰਦਗੀ ਜਿਊਣਾ ਹੋਰ ਗੱਲ ਹੈ ਅਤੇ ਖ਼ੁਸ਼ੀ ਨਾਲ ਜਿਊਣਾ ਹੋਰ ਗੱਲ ਹੈ। ਜ਼ਿੰਦਗੀ ਜਿਊਣ ਵਾਲੇ ਬੰਦੇ ਉਹ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੇ ਮਾਲਕ ਆਪ ਹੁੰਦੇ ਹਨ। ਉਹ ਆਪ ਇਸ ਨੂੰ ਸੇਧ ਦਿੰਦੇ ਹਨ, ਮਕਸਦ ਦਿੰਦੇ ਹਨ ਅਤੇ ਇਸ ਵਿੱਚ ਕਈ ਰੰਗ ਭਰਦੇ ਹਨ। ਦੁੱਖ ਭਰੀ ਜ਼ਿੰਦਗੀ ਭੋਗਣ ਜਾਂ ਕੱਟਣ ਵਾਲੇ ਉਹ ਇਨਸਾਨ ਹੁੰਦੇ ਹਨ ਜਿਨ੍ਹਾਂ ਨੂੰ ਜ਼ਿੰਦਗੀ ਆਪ ਚਲਾਉਂਦੀ ਹੈ ਅਤੇ ਕਦੇ ਰੁਆਉਂਦੀ ਹੈ। ਉਹ ਜ਼ਿੰਦਗੀ ਦੇ ਗੁਲਾਮ ਬਣੇ ਰਹਿੰਦੇ ਹਨ ਅਤੇ ਆਪਣੀ ਮੰਦਹਾਲੀ ਲਈ ਕਰਮਾਂ ਨੂੰ ਜਾਂ ਰੱਬ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ ਅਤੇ ਦੁਖੀ ਰਹਿੰਦੇ ਹਨ।
ਜ਼ਿੰਦਗੀ ਵਿੱਚ ਦੁੱਖ-ਸੁੱਖ ਨਾਲ ਨਾਲ ਚੱਲਦੇ ਹਨ। ਦੁੱਖਾਂ ਵਿੱਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਸਗੋਂ ਹਿੰਮਤ ਅਤੇ ਦਲੇਰੀ ਨਾਲ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਵਾਰ ਕਿਸੇ ਬੰਦੇ ਨੇ ਇੱਕ ਸਾਧੂ ਨੂੰ ਸਵਾਲ ਕੀਤਾ ਕਿ ਕੋਈ ਅਜਿਹਾ ਵਚਨ ਕਰੋ ਜਿਸ ਨਾਲ ਆਤਮ ਵਿਸ਼ਵਾਸ ਮਜ਼ਬੂਤ ਹੋਵੇ ਤਾਂ ਉਸ ਸਿੱਧ ਪੁਰਖ ਨੇ ਜਵਾਬ ਦਿੱਤਾ, ‘ਇਹ ਸਮਾਂ ਵੀ ਗੁਜ਼ਰ ਜਾਏਗਾ।’ ਸੱਚਮੁੱਚ ਉਸ ਭਲੇ ਪੁਰਖ ਦਾ ਜਵਾਬ ਬਹੁਤ ਕਮਾਲ ਦਾ ਸੀ। ਸੁੱਖ ਵਿੱਚ ਵਿਅਕਤੀ ਨੂੰ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਅਤੇ ਦੁੱਖ ਵਿੱਚ ਹਿੰਮਤ। ਚੰਗਾ ਅਤੇ ਮਾੜਾ ਸਮਾਂ ਨਾਲ ਨਾਲ ਚੱਲਦਾ ਹੈ।
ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪਣੇ ਜੀਵਨ ਨੂੰ ਲੰਮਾ ਕਰਨਾ ਤਾਂ ਚਾਹੁੰਦੇ ਹਨ, ਪਰ ਸੁਧਾਰਨਾ ਨਹੀਂ। ਇੱਥੇ ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਚਿਰ ਜਿਊਂਦੇ ਹਾਂ। ਸਵਾਲ ਇਹ ਹੈ ਕਿ ਅਸੀਂ ਕਿਵੇਂ ਜਿਊਂਦੇ ਹਾਂ। ਜ਼ਿੰਦਗੀ ਭਾਵੇਂ ਥੋੜ੍ਹੀ ਹੀ ਕਿਉਂ ਨਾ ਹੋਵੇ, ਪਰ ਖ਼ੁਸ਼ਹਾਲ ਹੋਣੀ ਚਾਹੀਦੀ ਹੈ। ਤਾਂ ਹੀ ਤਾਂ ਕਹਿੰਦੇ ਹਨ;
ਦੋ ਪੈਰ ਘੱਟ ਤੁਰਨਾ
ਪਰ ਤੁਰਨਾ ਮੜਕ ਦੇ ਨਾਲ।
ਦੋ ਦਿਨ ਘੱਟ ਜੀਵਣਾ
ਪਰ ਜੀਵਣਾ ਮੜਕ ਦੇ ਨਾਲ।
ਲੋਕ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੀ ਵੱਡੀਆਂ ਖ਼ੁਸ਼ੀਆਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਕਈ ਵੱਡੀਆਂ ਖ਼ੁਸ਼ੀਆਂ ਨੂੰ ਵੀ ਅਜਾਈਂ ਗਵਾ ਦਿੰਦੇ ਹਨ। ਕਈ ਵਾਰੀ ਅਸੀਂ ਜੋ ਕੁਝ ਕੋਲ ਮੌਜੂਦ ਹੈ, ਉਸ ਨੂੰ ਮਾਣਨ ਦੀ ਥਾਂ ਜੋ ਕੋਲ ਨਹੀਂ ਹੈ, ਦਾ ਰੋਣਾ ਰੋਂਦੇ ਰਹਿੰਦੇ ਹਾਂ, ਵਕਤ ਅਤੇ ਕਿਸਮਤ ਨੂੰ ਕੋਸਦੇ ਕੋਸਦੇ ਆਪਣੀ ਸਾਰੀ ਜ਼ਿੰਦਗੀ ਕੱਢ ਦਿੰਦੇ ਹਾਂ। ਜੀਵਨ ਇੱਕ ਰੰਗਮੰਚ ਹੈ। ਹਰ ਇਨਸਾਨ ਇਸ ਦੁਨੀਆ ਰੂਪੀ ਰੰਗਮੰਚ ਉੱਤੇ ਆਪਣਾ ਰੋਲ ਅਦਾ ਕਰਨ ਲਈ ਆਉਂਦਾ ਹੈ ਅਤੇ ਚਲਾ ਜਾਂਦਾ ਹੈ। ਇਸ ਲਈ ਸਾਨੂੰ ਹਰ ਰੋਲ ਬਾਖੂਬੀ ਖ਼ੁਸ਼ੀ ਨਾਲ ਨਿਭਾਉਣਾ ਚਾਹੀਦਾ ਹੈ।
ਇੰਨੀ ਸ਼ਿੱਦਤ ਨਾਲ ਨਿਭਾਓ
ਜ਼ਿੰਦਗੀ ਦਾ ਕਿਰਦਾਰ
ਕਿ ਪਰਦਾ ਡਿੱਗਣ ਤੋਂ ਬਾਅਦ
ਵੀ ਵੱਜਦੀਆਂ ਰਹਿਣ ਤਾੜੀਆਂ।
ਮਿਹਨਤ ਨਾਲ ਧੰਨ ਕਮਾਉਣਾ ਮਾੜੀ ਗੱਲ ਨਹੀਂ ਹੈ, ਪਰ ਸਿਰਫ਼ ਪੈਸੇ ਨਾਲ ਹੀ ਕਦੇ ਵੀ ਜ਼ਿੰਦਗ਼ੀ ਦੀਆਂ ਖ਼ੁਸ਼ੀਆਂ ਨਹੀਂ ਖ਼ਰੀਦੀਆਂ ਜਾ ਸਕਦੀਆਂ। ਮੈਂ ਬਹੁਤ ਵਾਰੀ ਬਿਨਾਂ ਛੱਤ ਤੋਂ ਅਤੇ ਰਾਤ ਨੂੰ ਭੁੱਖੇ ਸੌਣ ਵਾਲਿਆਂ ਨੂੰ ਬਹੁਤ ਖ਼ੁਸ਼ ਦੇਖਿਆ ਹੈ ਅਤੇ ਬਹੁਤ ਸਾਰੇ ਧਨਾਢ ਲੋਕਾਂ ਨੂੰ ਹਰ ਵੇਲੇ ਦੁਖੀ ਅਤੇ ਰੋਂਦਿਆਂ ਵੇਖਿਆ ਹੈ। ਆਓ, ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾ ਕੇ ਜੀਵਨ ਬਤੀਤ ਕਰੀਏ ਤਾਂ ਕਿ ਹਰ ਦਿਨ ਹੀ ਸਾਡਾ ਖ਼ੁਸ਼ੀ ਦਿਵਸ ਹੋਵੇ ਅਤੇ ਸਾਨੂੰ ਖ਼ੁਸ਼ ਹੋਣ ਲਈ ਸਿਰਫ਼ ਇੱਕ ਦਿਨ ਯਾਨੀ ਖ਼ੁਸ਼ੀ ਦਿਵਸ ਦਾ ਇੰਤਜ਼ਾਰ ਨਾ ਕਰਨਾ ਪਵੇ।
ਸੰਪਰਕ: 94179-90040