ਰੂਪਨਗਰ ਬੋਟ ਕਲੱਬ ਮੁੜ ਚਾਲੂ
ਜਗਮੋਹਨ ਸਿੰਘ
ਰੂਪਨਗਰ, 15 ਅਪਰੈਲ
ਇੱਥੇ ਸਤਲੁਜ ਦਰਿਆ ਦੇ ਕਿਨਾਰੇ ਪਿਛਲੇ ਕਰੀਬ 15 ਸਾਲਾਂ ਤੋਂ ਬੰਦ ਪਏ ਬੋਟ ਕਲੱਬ ਨੂੰ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਂਢਾ ਵੱਲੋਂ ਕੀਤੇ ਉਚੇਚੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਅੱਜ ਮੁੜ ਚਾਲੂ ਕਰ ਦਿੱਤਾ ਗਿਆ ਹੈ। ਅੱਜ ਵਿਧਾਇਕ ਦਿਨੇਸ਼ ਚੱਢਾ ਤੇ ਡੀਸੀ ਵਰਜੀਤ ਵਾਲੀਆ ਵੱਲੋਂ ਦਰਿਆ ਵਿੱਚ 32 ਸੀਟਰ ਸੋਲਰ ਕਰੂਜ਼ ਤੇ ਕਿਸ਼ਤੀਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਚੱਢਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਰੂਪਨਗਰ ਦੀ ਸਭ ਤੋਂ ਪ੍ਰਸਿੱਧ ਜਗ੍ਹਾ ਨੇ ਖੰਡਰ ਦਾ ਰੂਪ ਧਾਰਨ ਕਰ ਲਿਆ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਬੋਟ ਕਲੱਬ ਦਾ ਠੇਕਾ ਸਿੰਜਾਈ ਵਿਭਾਗ ਵੱਲੋਂ ਸੱਤ ਸਾਲ ਲਈ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬੋਟ ਕਲੱਬ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ 32 ਸੀਟਰ ਕਰੂਜ਼ ਸੋਲਰ ਰਾਹੀਂ ਚੱਲੇਗਾ ਤੇ ਕਿਸ਼ਤੀਆਂ ਵੀ ਪੈਡਲਾਂ ਵਾਲੀਆਂ ਹੀ ਚੱਲਣਗੀਆਂ। ਇਨ੍ਹਾਂ ਦਾ ਵਾਤਾਵਰਨ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ’ਚ ਇੱਥੇ ਇੱਕ 32 ਸੀਟਰ ਸੋਲਰ ਕਰੂਜ਼ ਚਲਾਇਆ ਜਾ ਰਿਹਾ ਹੈ ਜਿਸ ਦਾ ਸਤਲੁਜ ਦਰਿਆ ਵਿੱਚ 20 ਮਿੰਟ ਦਾ ਰਾਊਂਡ ਹੋਵੇਗਾ। ਇਸ ਤੋਂ ਇਲਾਵਾ ਇੱਕ 12 ਸੀਟਰ ਮੋਟਰ ਬੋਟ, ਪੈਡਲਾਂ ਵਾਲੀਆਂ ਪੰਜ ਕਿਸ਼ਤੀਆਂ ਚਲਾਈਆਂ ਜਾਣਗੀਆਂ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭਾਗ ਸਿੰਘ ਮਦਾਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਕੰਗ, ਜਗਦੀਪ ਸਿੰਘ, ਸਤਨਾਮ ਸਿੰਘ ਨਾਗਰਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਰੋਟਰੀ ਕਲੱਬ ਸੈਂਟਰਲ ਰੋਪੜ ਦੇ ਪ੍ਰਧਾਨ ਕੁਲਤਾਰ ਸਿੰਘ, ਐਡਵੋਕੇਟ ਵਿਕਾਸ ਵਰਮਾ ਆਦਿ ਹਾਜ਼ਰ ਸਨ।