ਯੂਪੀ ’ਚ ਭਾਜਪਾ ਸਰਕਾਰ ’ਤੇ ਮੁਫ਼ਤ ਸ਼ਰਾਬ ਵੰਡਣ ਦੋਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਾਰਚ
ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹਿੰਦੂਆਂ ਨੂੰ ਸ਼ਰਾਬੀ ਬਣਾਉਣ ਲਈ ਸ਼ਰਾਬ ਦੀ ਇੱਕ ਇੱਕ ਬੋਤਲ ਮੁਫ਼ਤ ਵੰਡ ਰਹੀ ਹੈ। ਯੂਪੀ ਵਿੱਚ ਸ਼ਰਾਬ ਦੀਆਂ ਦੁਕਾਨਾਂ ’ਤੇ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਲੋਕ ਦੂਰ-ਦੂਰ ਤੋਂ ਸ਼ਰਾਬ ਖਰੀਦਣ ਲਈ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਯੂਪੀ ਦੀ ਯੋਗੀ ਸਰਕਾਰ ਅਤੇ ਭਾਜਪਾ ਨੂੰ ਸਵਾਲ ਕੀਤਾ ਕਿ ਇੱਕ ਮੁਫ਼ਤ ਬੋਤਲ ਦੇਣ ਵਾਲੀਆਂ ਦੁਕਾਨਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਅਤੇ ਇਨ੍ਹਾਂ ਦੁਕਾਨਾਂ ’ਤੇ ਬੁਲਡੋਜ਼ਰ ਕਦੋਂ ਚੱਲੇਗਾ, ਕੀ ਯੋਗੀ ਸਰਕਾਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਸਲਾਹ ਲੈ ਕੇ ਇੱਕ ਮੁਫ਼ਤ ਬੋਤਲ ਦੀ ਨੀਤੀ ਚਲਾ ਰਹੀ ਹੈ। ਜੇ ਅਜਿਹਾ ਨਹੀਂ ਹੈ ਤਾਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਚੁੱਪ ਕਿਉਂ ਹੈ ਅਤੇ ਕੀ ਉਹ ਇਸ ਯੋਜਨਾ ਨੂੰ ਰੋਕ ਦੇਵੇਗੀ।
ਅੱਜ ਇੱਥੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੌਰਭ ਭਾਰਦਵਾਜ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਇਕ ਸ਼ਰਾਬ ਦੀ ਬੋਤਲ ਦੇ ਨਾਲ ਸ਼ਰਾਬ ਦੀ ਬੋਤਲ ਮਿਲਣ ਦੀਆਂ ਵੀਡੀਓਜ਼ ਆ ਰਹੀਆਂ ਹਨ। ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ। ਮੁਸਲਿਮ ਭਾਈਚਾਰੇ ਦੇ ਲੋਕ ਰਮਜ਼ਾਨ ਦੌਰਾਨ ਪਾਣੀ ਵੀ ਨਹੀਂ ਪੀਂਦੇ। ਉਧਰ, ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਸਾਡੇ ਹਿੰਦੂ ਭਰਾਵਾਂ ਨੂੰ ਸ਼ਰਾਬੀ ਬਣਾਉਣ ਲਈ ਦਿਨ ਰਾਤ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੀਡੀਓ ਐਕਸ, ਫੇਸਬੁੱਕ, ਯੂਟਿਊਬ ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁਜ਼ੱਫਰਨਗਰ ਅਤੇ ਨੋਇਡਾ ਤੋਂ ਵੀ ਦੋ ਵੀਡੀਓ ਮਿਲੇ ਹਨ, ਪਰ ਹੁਣ ਤੱਕ ਯੋਗੀ ਸਰਕਾਰ ਨੇ ਇਨ੍ਹਾਂ ਸ਼ਰਾਬ ਦੀਆਂ ਦੁਕਾਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜੋ ਯੋਗੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਪ੍ਰਸੰਨ ਚਿੰਨ੍ਹ ਲਾ ਰਹੀਆਂ ਹਨ। ਉਨ੍ਹਾਂ ਇਸ ਸਬੰਧੀ ਭਾਜਪਾ ਸਰਕਾਰ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਇਸ ਸਬੰਧੀ ਆਪਣਾ ਪੱਖ ਦੱਸਣਾ ਚਾਹੀਦਾ ਹੈ।