ਮੰਡੀਆਂ ’ਚ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ
ਦੇਵੀਗੜ੍ਹ, 7 ਅਪਰੈਲ
ਕਿਸਾਨਾਂ ਦੀ ਕਣਕ ਦਾ ਦਾਣਾ-ਦਾਣਾ ਸਰਕਾਰ ਵੱਲੋਂ ਖਰੀਦ ਕੀਤਾ ਜਾਵੇਗਾ। ਇਸ ਸਬੰਧੀ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਚੇਅਰਮੈਨ ਬਲਦੇਵ ਸਿੰਘ ਦੇਵੀਗੜ੍ਹ ਨੇ ਕੀਤਾ। ਇਸ ਸਬੰਧੀ ਅੱਜ ਮਾਰਕੀਟ ਕਮੇਟੀ ਦਫ਼ਤਰ ਦੁਧਨਸਾਧਾਂ ਵਿੱਚ ਇਕ ਮੀਟਿੰਗ ਦੌਰਾਨ ਖਰੀਦ ਏਜੰਸੀਆਂ ਦੇ ਇੰਸਪੈਕਟਰ, ਮਾਰਕੀਟ ਕਮੇਟੀ ਦੇ ਅਧਿਕਾਰੀ ਅਤੇ ਆੜਤੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਸਮੇਤ ਹੋਰ ਸਬੰਧਿਤ ਧਿਰਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਖਰੀਦ ਏਜੰਸੀਆਂ ਵੱਲੋਂ ਲੋੜੀਂਦੇ ਕਦਮ ਚੁੱਕੇ ਗਏ ਹਨ ਅਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਣਕ ਦੀ ਖਰੀਦ ਲਈ ਲੋੜੀਂਦੇ ਬਾਰਦਾਨੇ ਦਾ ਪ੍ਰਬੰਧ ਵੀ ਕੀਤਾ ਜਾ ਚੁੱਕਾ ਹੈ। ਇਸ ਮੌਕੇ ਅਸ਼ਵਨੀ ਮਹਿਤਾ ਸਕੱਤਰ ਮਾਰਕੀਟ ਕਮੇਟੀ, ਸਾਹਿਲ ਜਿੰਦਲ ਅਤੇ ਨਵਤੇਜ ਸਿੰਘ ਮੰਡੀ ਸੁਪਰਵਾਇਜ਼ਰ, ਗੁਰਪ੍ਰੀਤ ਸਿੰਘ ਇੰਸਪੈਕਟਰ ਪਨਗਰੇਨ, ਵਿਕਾਸ ਇੰਸਪੈਕਟਰ ਮਾਰਕਫੈੱਡ, ਜਗਵਿੰਦਰ ਸਿੰਘ ਇੰਸਪੈਕਟਰ ਪਨਸਪ, ਵੇਦ ਪ੍ਰਕਾਸ਼ ਗਰਗ ਪ੍ਰਧਾਨ ਅਨਾਜ ਮੰਡੀ ਦੇਵੀਗੜ੍ਹ, ਪ੍ਰਿਥੀਪਾਲ ਸਿੰਘ ਧਾਂਦੀਆਂ ਪ੍ਰਧਾਨ ਅਨਾਜ ਮੰਡੀ ਭੁੱਨਰਹੇੜੀ, ਰਾਜਵਿੰਦਰ ਸਿੰਘ ਹਡਾਣਾ ਅਤੇ ਬਿਕਰਮ ਸਿੰਘ ਫਰੀਦਪੁਰ ਹਾਜ਼ਰ ਸਨ।