ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਣ ਵਿਦਿਆਰਥੀ: ਮੰਤਰੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਪਰੈਲ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੱਚਿਆਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਵਿਰੁੱਧ ਲਾਮਬੰਦ ਹੋ ਕੇ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਅੱਗੇ ਆਉਣ ਅਤੇ ਅਜਿਹੇ ਵਿਦਿਆਰਥੀਆਂ ਦਾ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤੇ ਰਾਜ ਪੱਧਰ ’ਤੇ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਇੱਥੇ ਪੋਲੋ ਗਰਾਊਂਡ ਤੋਂ ਕਰਵਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੰਤਰੀ ਨੇ ਬੱਚਿਆਂ ਨੂੰ ਸਮਾਜ ਦੇ ਨਾਇਕ ਦੱਸਦਿਆਂ ਪ੍ਰੇਰਿਤ ਕੀਤਾ ਕਿ ਜਿੱਥੇ ਉਹ ਖ਼ੁਦ ਨਸ਼ਿਆਂ ਤੋਂ ਬਚਣ ਉਥੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ। ਹਜ਼ਾਰਾਂ ਵਿਦਿਆਰਥੀਆਂ, ਅਧਿਆਪਕਾਂ, ਸਮਾਜ ਸੇਵੀਆਂ ਤੇ ਦੌੜਾਕਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰੇਕ ਪਿੰਡ ’ਚ ਖੇਡ ਦੇ ਮੈਦਾਨ ਤੇ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਵੀ ਸੰਬੋਧਨ ਕੀਤਾ। ਪਦਮਸ੍ਰੀ ਪ੍ਰਾਣ ਸੱਭਰਵਾਲ ਦੀ ਅਗਵਾਈ ਹੇਠ ਨਟਾਸ ਨੇ ਨਸ਼ਿਆਂ ਵਿਰੁੱਧ ਨਾਟਕ ਵੀ ਖੇਡਿਆ। ਮੈਰਾਥਨ ’ਚ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਜਸਬੀਰ ਗਾਂਧੀ, ਬਲਵਿੰਦਰ ਸੈਣੀ, ਏਡੀਸੀ ਨਵਰੀਤ ਕੌਰ ਸੇਖੋ ਸਮੇਤ ਹੋਰ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਇਹ ਮੈਰਾਥਨ ਪੋਲੋ ਗਰਾਊਂਡ ਤੋਂ ਸ਼ੁਰੂ ਹੋ ਕੇ ਵਾਈਪੀਐੱਸ ਚੌਕ, ਠੀਕਰੀਵਾਲ ਤੇ ਫੁਹਾਰਾ ਚੌਕ, ਲੀਲਾ ਭਵਨ, ਬਾਰਾਂਦਾਰੀ, ਸ਼ੇਰਾਂਵਾਲਾ ਗੇਟ, ਫੂਲ ਸਿਨੇਮਾ ਤੋਂ ਹੁੰਦੇ ਹੋਏ ਮੋਦੀ ਕਾਲਜ ਚੌਕ ਤੋਂ ਪੋਲੋ ਗਰਾਊਂਡ ਵਿੱਚ ਸਮਾਪਤ ਹੋਈ।