ਗਰਮਖਿਆਲੀ ਬਖਸ਼ੀਸ਼ ਸਿੰਘ ਬਾਬਾ ਖ਼ਿਲਾਫ਼ ਕੇਸ ਦਰਜ
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਹੋਈ ਹੱਥੋਪਾਈ ਅਤੇ ਕੁੱਟਮਾਰ ਮਗਰੋਂ ਥਾਣਾ ਲਾਹੌਰੀ ਗੇਟ ਦੀ ਪੁਲੀਸ ਨੇ ਗਰਮਖਿਆਲੀ ਬਖਸ਼ੀਸ਼ ਸਿੰਘ ਉਰਫ਼ ਬਾਬਾ ਅਤੇ ਸਾਥੀਆਂ ਖ਼ਿਲਾਫ਼ ਕੁੱਟਮਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਬਖਸ਼ੀਸ਼ ਬਾਬਾ 2008 ’ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ’ਤੇ ਕਰਨਾਲ ਨੇੜੇ ਇੱਕ ਟਰੱਕ ਦੀ ਸਟਿੱਪਣੀ ’ਚ ਰੱਖੇ ਗਏ ਬੰਬ ਨਾਲ ਕਥਿਤ ਹਮਲਾ ਕਰਨ ਦੇ ਮੁੱਖ ਮੁਲਜ਼ਮ ਵਜੋਂ ਜਾਣਿਆਂ ਜਾਂਦਾ ਰਿਹਾ ਹੈ। ਥਾਣਾ ਲਾਹੌਰੀ ਗੇਟ ਪਟਿਆਲਾ ਵਿੱਚ ਉਨ੍ਹਾਂ ਦੇ ਖ਼ਿਲਾਫ਼ ਇਹ ਕੇਸ ਇੱਕ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ ਜਿਸ ਦਾ ਕਹਿਣਾ ਹੈ ਕਿ ਉਹ ਜਦੋਂ ਪਟਿਆਲਾ-ਰਾਜਪੁਰਾ ਰੋਡ ’ਤੇ ਟਾਟਾ ਟਿਆਗੋ ਕਾਰ ਚਲਾ ਰਹੀ ਸੀ ਤਾਂ ਬਖਸ਼ੀਸ਼ ਸਿੰਘ ਦੇ ਗੰਨਮੈਨ ਦੱਸੇ ਜਾਂਦੇ ਇੱਕ ਵਿਅਕਤੀ ਨੇ ਮੋਟਰਸਾਈਕਲ ਉਨ੍ਹਾਂ ਦੀ ਕਾਰ ’ਚ ਮਾਰਿਆ। ਨੁਕਸਾਨ ਦੀ ਭਰਪਾਈ ਮੰਗਣ ’ਤੇ ਉਸ ਨੇ ਬਾਬਾ ਬਖਸ਼ੀਸ਼ ਤੇ ਹੋਰਾਂ ਨੂੰ ਸੱਦ ਲਿਆ ਜਿਨ੍ਹਾਂ ਆਰਐਸਐਸ ਦੇ ਆਗੂ ਦੱਸੇ ਜਾਂਦੇ ਉਸ ਦੇ ਪਤੀ ਤੇ ਸਾਥੀਆਂ ਦੀ ਕਥਿਤ ਕੁੱਟਮਾਰ ਕੀਤੀ। ਇਸ ਦੌਰਾਨ ਮਾਹੌਲ ਇਸ ਕਦਰ ਵਿਗੜ ਗਿਆ ਸੀ ਕਿ ਪੁਲੀਸ ਨੂੰ ਵੀ ਮੌਕੇ ’ਤੇ ਪਹੁੰਚ ਕੇ ਦਖਲ ਦੇਣਾ ਪਿਆ। ਡੀਐੱਸਪੀ ਸਤਿਨਾਮ ਸਿੰਘ ਸੰਘਾ ਨੇ ਅਜਿਹਾ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।