ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਮਨਾਇਆ

05:11 AM May 01, 2025 IST
featuredImage featuredImage
ਪ੍ਰੋ. ਕਿਰਪਾਲ ਕੁਜ਼ਾਕ ਦਾ ਸਨਮਾਨਤ ਕਰਦੇ ਹੋਏ ਸਾਬਕਾ ਵੀਸੀ ਬੀਐੱਸ ਘੁੰਮਣ ਤੇ ਹੋਰ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ

Advertisement

ਪਟਿਆਲਾ, 30 ਅਪਰੈਲ
ਪੰਜਾਬੀ ਯੂਨੀਵਰਸਿਟੀ ਦਾ 64ਵਾਂ ਸਥਾਪਨਾ ਦਿਵਸ ਇਸ ਵਾਰ ‘ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ’ ਦੇ ਆਗਾਜ਼ ਨਾਲ ਮਨਾਇਆ ਗਿਆ। ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ‘ਪੰਜਾਬੀ ਸਾਹਿਤ ਅਤੇ ਸਭਿਆਚਾਰ: ਸਥਿਤੀ ਤੇ ਸੰਭਾਵਨਾਵਾਂ’ ਬਾਰੇ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਸਾਬਕਾ ਵਾਈਸ ਚਾਂਸਲਰ ਪ੍ਰੋ. ਬੀ.ਐੱਸ. ਘੁੰਮਣ ਵੱਲੋਂ ਸਥਾਪਨਾ ਦਿਵਸ ਸਬੰਧੀ ਭਾਸ਼ਣ ਦਿੱਤਾ ਗਿਆ। ਇਸ ਦੌਰਾਨ ਯੂਨੀਵਰਸਿਟੀ ਨੂੰ ਵਿਸ਼ੇਸ਼ ਏਆਈ ਨੀਤੀ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਯੂਨੀਵਰਸਿਟੀ ਨੂੰ ਏਆਈ ਜਿਹੇ ਖੇਤਰਾਂ ਵਿੱਚ ਹੋਰ ਵਧੇਰੇ ਡੂੰਘਾਈ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਯੂਨੀਵਰਸਿਟੀ ਨੂੰ ਨਾ ਸਿਰਫ਼ ਆਪਣੇ ਗੌਰਵਮਈ ਇਤਿਹਾਸ ਨੂੰ ਹੀ ਦਸਤਾਵੇਜ਼ ਰੂਪ ਵਿੱਚ ਲਿਖਣਾ ਚਾਹੀਦਾ ਹੈ ਬਲਕਿ ਭਵਿੱਖ ਲਈ ਵਿਜ਼ਨ ਦਸਤਾਵੇਜ਼ ਵੀ ਤਿਆਰ ਕਰਨਾ ਚਾਹੀਦਾ ਹੈ। ਡਾ. ਬੀਐੱਸ ਘੁੰਮਣ ਦਾ ਕਹਿਣਾ ਸੀ ਕਿ ਪੰਜਾਬ ਨੂੰ ਜਿੰਨੇ ਵਿਦਵਾਨ ਪੰਜਾਬੀ ਯੂਨੀਵਰਸਿਟੀ ਨੇ ਦਿੱਤੇ ਹਨ, ਓਨੇ ਸ਼ਾਇਦ ਹੀ ਕਿਸੇ ਹੋਰ ਅਦਾਰੇ ਨੇ ਦਿੱਤੇ ਹੋਣ ਇਹ ਅਗਾਂਹਵਧੂ ਵਿਚਾਰਾਂ ਅਤੇ ਨਵੀਂਆਂ ਪਹਿਲਕਦਮੀਆਂ ਦੀ ਨਰਸਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਈਆਂ ਲੋਕ ਲਹਿਰਾਂ ਵਿਚ ਵੀ ਪੰਜਾਬੀ ਯੂਨੀਵਰਸਿਟੀ ਦਾ ਭਰਪੂਰ ਯੋਗਦਾਨ ਰਿਹਾ ਹੈ। ਇਸੇ ਦੌਰਾਨ ਵੀਡੀਓ ਸੰਦੇਸ਼ ਰਾਹੀਂ ਪ੍ਰਧਾਨਗੀ ਭਾਸ਼ਣ ਦਿੰਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਕੋਲ ਆਪਣੀ ਇੱਕ ਗੌਰਵਮਈ ਵਿਰਾਸਤ ਹੈ ਜਿਸ ’ਤੇ ਸਾਰਿਆਂ ਨੂੰ ਮਾਣ ਹੈ। ਉਨ੍ਹਾਂ ਯੂਨੀਵਰਸਿਟੀ ਦੀ ਬਿਹਤਰੀ ਲਈ ਹਰੇਕ ਅਧਿਆਪਕ ਨੂੰ ਸੁਹਿਰਦਤਾ ਨਾਲ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕੈਨੇਡਾ ਦੀ ਥਾਮਸਨ ਰਿਵਰਜ਼ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਅਮੈਰੀਟਸ ਪ੍ਰੋ. ਸੁਰਿੰਦਰ ਧੰਜਲ ਨੇ ਕਿਹਾ ਕਿ ਯੂਨੀਵਰਸਿਟੀ ਅਸਲ ਵਿੱਚ ਵਿਦਿਆਰਥੀਆਂ ਨਾਲ ਹੀ ਬਣਦੀ ਹੈ। ਇਸ ਲਈ ਨੂੰ ਵਿਦਿਆਰਥੀ ਕੇਂਦਰਿਤ ਅਕਾਦਮਿਕ ਮਾਹੌਲ ਦੀ ਸਿਰਜਣਾ ਵੱਲ ਧਿਆਨ ਦੇਣਾ ਚਾਹੀਦਾ ਹੈ। ਮੁੱਖ-ਸੁਰ ਭਾਸ਼ਣ ਵਿਚ ਉੱਘੇ ਵਿਦਵਾਨ ਪ੍ਰੋ. ਤੇਜਵੰਤ ਸਿੰਘ ਗਿੱਲ ਨੇ ਵੱਖ-ਵੱਖ ਖੇਤਰਾਂ ਵਿੱਚ ਕੀਤੇ ਆਪਣੇ ਕਾਰਜਾਂ ਦੇ ਹਵਾਲੇ ਨਾਲ ਗੱਲ ਕੀਤੀ। ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਯੂਨਵਰਸਿਟੀ ਵਿੱਚ ਸਥਾਪਿਤ ਕੀਤੀ ਗਈ ਡਿਜੀਟਲਕਰਣ ਸਬੰਧੀ ਲੈਬ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਡੀਨ ਅਲੂਮਨੀ ਡਾ. ਗੁਰਮੁਖ ਸਿੰਘ ਅਤੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮੀਤ ਕੌਰ ਨੇ ਕੀਤਾ। ਇਸ ਮੌਕੇ ਵੱਡੀ ਉਮਰ ਦੇ ਤਿੰਨ ਸਾਬਕਾ ਕਰਮਚਾਰੀਆਂ ਰਾਜਿੰਦਰ ਕੁਮਾਰ ਮਲਹੋਤਰਾ, ਡਾ. ਰਾਮ ਮੂਰਤੀ ਗੋਇਲ ਅਤੇ ਪ੍ਰੋ. ਕਿਰਪਾਲ ਕੁਜ਼ਾਕ ਦਾ ਸਨਮਾਨ ਕੀਤਾ ਗਿਆ।

Advertisement
Advertisement