ਮੇਰੀ ਸਿਹਤ ਕਾਫੀ ਚੰਗੀ ਹੈ: ਟਰੰਪ
ਜਨਵਰੀ ਵਿੱਚ 78 ਸਾਲ ਦੀ ਉਮਰ ’ਚ ਅਮਰੀਕਾ ਦੇ ਇਤਿਹਾਸ ’ਚ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਬਣਨ ਵਾਲੇ ਟਰੰਪ ਜਾਂਚ ਲਈ ਤਕਰੀਬਨ ਪੰਜ ਘੰਟੇ ਤੱਕ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ’ਚ ਰਹੇ। ਉਨ੍ਹਾਂ ਕਿਹਾ ਕਿ ਜਿਸ ਦੀ ਵੀ ਤੁਸੀਂ ਕਲਪਨਾ ਕਰ ਸਕਦੇ ਹੋ, ਉਹ ਹਰ ਟੈਸਟ ਕੀਤਾ ਗਿਆ ਹੈ। ਟਰੰਪ ਜਾਂਚ ਮਗਰੋਂ ਸਿੱਧਾ ਏਅਰਫੋਰਸ ਵਨ ’ਤੇ ਸਵਾਰ ਹੋ ਕੇ ਫਲੋਰੀਡਾ ਰਵਾਨਾ ਹੋ ਗਏ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਮੈਂ ਕਾਫੀ ਸਮਾਂ ਉੱਥੇ ਸੀ। ਮੈਨੂੰ ਲਗਦਾ ਹੈ ਕਿ ਮੇਰੀ ਸਿਹਤ ਕਾਫੀ ਚੰਗੀ ਹੈ।’ ਟਰੰਪ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਜੀਵਨ ਸ਼ੈਲੀ ’ਚ ਤਬਦੀਲੀ ਬਾਰੇ ਕੁਝ ਸਲਾਹ ਦਿੱਤੀ ਹੈ ਜਿਸ ਨਾਲ ਉਨ੍ਹਾਂ ਦੀ ਸਿਹਤ ਬਿਹਤਰ ਹੋ ਸਕਦੀ ਹੈ।
ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਸਰੀਰਕ ਤੇ ਮਾਨਸਿਕ ਸਮਰੱਥਾ ’ਤੇ ਲੰਮੇ ਸਮੇਂ ਤੱਕ ਸਵਾਲ ਉਠਾਉਣ ਦੇ ਬਾਵਜੂਦ ਟਰੰਪ ਆਪਣੀ ਸਿਹਤ ਬਾਰੇ ਬੁਨਿਆਦੀ ਤੱਥ ਲੰਮੇ ਸਮੇਂ ਤੋਂ ਗੁਪਤ ਰੱਖਦੇ ਆਏ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਮੈਡੀਕਲ ਰਿਪੋਰਟ ਐਤਵਾਰ ਤੱਕ ਤਿਆਰ ਹੋ ਜਾਵੇਗੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੈਵਿਟ ਨੇ ਕਿਹਾ ਕਿ ਟਰੰਪ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੀ ਸਿਹਤ ਬਾਰੇ ਵ੍ਹਾਈਟ ਹਾਊਸ ਦੇ ਡਾਕਟਰ ਵੱਲੋਂ ਵੇਰਵੇ ਜਿੰਨੀ ਜਲਦੀ ਸੰਭਵ ਹੋ ਸਕੇ, ਜਾਰੀ ਕੀਤੇ ਜਾਣਗੇ। -ਏਪੀ