ਪਾਕਿਸਤਾਨ: ਪੰਜਾਬ ’ਚ ਹਵਾਈ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ
ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ’ਚ ਹਵਾਈ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪਾਕਿਸਤਾਨ ਹਵਾਈ ਫ਼ੌਜ (ਪੀਏਐੱਫ) ਦਾ ਟਰੇਨਿੰਗ ਏਅਰਕ੍ਰਾਫਟ ਮਿਰਾਜ ਵੀ. ਆਰਓਐੱਸਈ ਲਾਹੌਰ ਤੋਂ ਲਗਪਗ 350 ਕਿਲੋਮੀਟਰ ਦੱਖਣ-ਪੱਛਮ ਵਿੱਚ ਵੇਹਾਰੀ ਜ਼ਿਲ੍ਹੇ ਦੇ ਉਪਨਗਰ ਇਲਾਕੇ ਰੱਤਾ ਟਿੱਬਾ ਦੇ ਖੇਤਾਂ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀ ਮੁਤਾਬਕ ਦੋਵੇਂ ਪਾਇਲਟ ਸੁਰੱਖਿਅਤ ਹਨ ਕਿਉਂਕਿ ਉਹ ਜਹਾਜ਼ ਵਿੱਚੋਂ ਬਾਹਰ ਨਿਕਲਣ ’ਚ ਸਫਲ ਰਹੇ। ਹਾਲਾਂਕਿ ਸਥਾਨਕ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਵੇਹਾਰੀ ਸ਼ਹਿਰ ਨੇੜੇ ਥਿੰਗੀ ਹਵਾਈ ਅੱਡੇ ’ਤੇ ਰੈਗੂਲਰ ਉਡਾਣ ਭਰੀ ਸੀ ਪਰ ਕੁਝ ਹੀ ਸਮੇਂ ਮਗਰੋਂ ਇਹ ਤੇਲ ਡਿਪੂ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ੋਰਦਾਰ ਧਮਾਕਾ ਸੁਣਿਆ, ਜਿਸ ਮਗਰੋਂ ਮੈਦਾਨ ’ਚ ਧੂੰਆਂ ਛਾ ਗਿਆ। ਰੈਸਿਕਊ 1122, ਫੌਜ ਤੇ ਪੁਲੀਸ ਦੀਆਂ ਟੀਮਾਂ ਘਟਨਾ ਸਥਾਨ ’ਤੇ ਪਹੁੰਚੀਆਂ। ‘ਡਾਅਨ’ ਅਖਬਾਰ ’ਚ ਕਿਹਾ ਗਿਆ ਕਿ ਦੋਵਾਂ ਪਾਇਲਟਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਫੌਜ ਦੇ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। -ਪੀਟੀਆਈ