ਮੇਜ਼ਬਾਨ ਟੀਮ ਨੇ ਜਿੱਤਿਆ ਗੋਚਰ ਦਾ ਕ੍ਰਿਕਟ ਟੂਰਨਾਮੈਂਟ
ਮਿਹਰ ਸਿੰਘ
ਕੁਰਾਲੀ, 24 ਅਪਰੈਲ
ਗੋਚਰ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਸੀਮਿਤ ਓਵਰਾਂ ਦਾ ਕ੍ਰਿਕਟ ਟੂਰਨਾਮੈਂਟ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪਿੰਡ ਦੇ ਖੇਡ ਮੈਦਾਨ ਵਿੱਚ ਕਰਵਾਏ ਇਸ ਟੂਰਨਾਮੈਂਟ ਵਿੱਚ 16 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਮੇਜ਼ਬਾਨ ਗੋਚਰ ਦੀ ਟੀਮ ਨੇ ਟਰਾਫ਼ੀ ਆਪਣੇ ਨਾਂ ਕੀਤੀ।
ਸੈਮੀਫਾਈਨਲ ਗੇੜ ਦੇ ਮੈਚਾਂ ਵਿੱਚ ਤਖਤਗੜ੍ਹ ਦੀ ਟੀਮ ਨੇ ਪੜਛ ਨੂੰ ਅਤੇ ਗੋਚਰ ਦੀ ਟੀਮ ਨੇ ਮਾਜਰਾ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਫਾਈਨਲ ਵਿੱਚ ਵਧੀਆ ਖੇਡ ਦਾ ਮੁਜ਼ਾਹਰਾ ਕਰਦਿਆਂ ਮੇਜ਼ਬਾਨ ਗੋਚਰ ਦੀ ਟੀਮ ਨੇ ਜਿੱਤ ਦਰਜ਼ ਕੀਤੀ ਅਤੇ ਟਰਾਫ਼ੀ ਆਪਣੇ ਨਾਂ ਕੀਤੀ। ਟੂਰਨਾਮੈਂਟ ਦੌਰਾਨ ਵਧੀਆ ਪ੍ਰਦਰਸ਼ਨ ਲਈ ਰਮਨ ਗੋਚਰ ਨੂੰ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਰਮਨ ਪੜਛ ਸਰਵੋਤਮ ਗੇਂਦਬਾਜ਼ ਅਤੇ ਮੰਨਾ ਬੀਰੋਂਕੇ ਸਰਵੋਤਮ ਬੱਲੇਬਾਜ਼ ਬਣਿਆ।
ਇਨਾਮ ਵੰਡ ਸਮਾਗਮ ਵਿੱਚ ਨੌਜਵਾਨ ਆਗੂ ਤੇ ਖੇਡ ਪ੍ਰਮੋਟਰ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਜੇਤੂ ਅਤੇ ਉਪ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੇਵਾ ਰਾਮ,ਰਾਮ ਪਾਲ,ਓਮ ਪ੍ਰਕਾਸ਼,ਅਮਰੀਕ ਸਿੰਘ,ਸੰਜੀਵ ਕੁਮਾਰ,ਅਮਨਦੀ ਸਿੰਘ,ਹਰਵਿੰਦਰ ਸਿੰਘ ਹਾਜ਼ਰ ਸਨ।