ਪੇਪਰ ਮਿੱਲ ਨਹੀਂ ਲੱਗਣ ਦਿਆਂਗੇ: ਪੀਰਮੁਹੰਮਦ
ਚਮਕੌਰ ਸਾਹਿਬ, 28 ਅਪਰੈਲ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਕਿਹਾ ਕਿ ਚਮਕੌਰ ਸਾਹਿਬ ਇਲਾਕੇ ਵਿਚ ਪੈਂਦੇ ਪਿੰਡ ਧੋਲਰਾਂ ਅਤੇ ਬੱਸੀ ਗੁੱਜਰਾਂ ਦੀ ਜ਼ਮੀਨ, ਜਿਸ ਦੇ ਕੇ ਇੱਕ ਪਾਸੇ ਬੁੱਢਾ ਦਰਿਆ (ਰਾਏਪੁਰ ਡਰੇਨ) ਅਤੇ ਦੂਸਰੇ ਪਾਸੇ ਸਰਹਿੰਦ ਨਹਿਰ ਲੰਘਦੀ ਹੈ, ਦੋਵਾਂ ਵਿਚਾਲੇ 500 ਮੀਟਰ ਤੋਂ ਘੱਟ ਦੀ ਦੂਰੀ ਹੈ ਅਤੇ ਇਸ ਜ਼ਮੀਨ ’ਤੇ ਪੇਪਰ ਮਿੱਲ ਲਗਾਉਣ ਦਾ ਕੋਈ ਵੀ ਕਦਮ ਸਰਹਿੰਦ ਨਹਿਰ ਅਤੇ ਬੁੱਢੇ ਦਰਿਆ ਦੇ ਪਾਣੀ ਨੂੰ ਪਲੀਤ ਕਰਨ ਵਾਲਾ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਰਨ ਛੋਹ ਹੋਣ ਕਰਕੇ ਆਸ-ਪਾਸ ਦੇ ਇਤਿਹਾਸਕ ਗੁਰਦੁਆਰਿਆਂ ਦੇ ਪੌਣ-ਪਾਣੀ ’ਤੇ ਇਸ ਪ੍ਰਾਜੈਕਟ ਦਾ ਮਾੜਾ ਅਸਰ ਵੀ ਪਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਸਮੂਹਕ ਮੰਗ ਨੂੰ ਮੰਨਦਿਆਂ ਇਸ ਨੂੰ ਪ੍ਰਾਜੈਕਟ ਰੱਦ ਕੀਤਾ ਜਾਵੇ। ਫੈਡਰੇਸ਼ਨ ਨੇਤਾਵਾ ਨੇ ਕਿਹਾ ਕਿ ਉਹ ਇਸ ਸਬੰਧੀ ਬਹੁਤ ਜਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਵੀ ਕਰਨਗੇ।