ਮੁਹਾਲੀ ਨਗਰ ਨਿਗਮ ਦਾ 211.19 ਕਰੋੜ ਦਾ ਬਜਟ ਪਾਸ
ਐੱਸ.ਏ.ਐੱਸ. ਨਗਰ (ਮੁਹਾਲੀ), 27 ਮਾਰਚ
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੋਈ ਬਜਟ ਮੀਟਿੰਗ ਵਿੱਚ ਅੱਜ ਸਾਲ 2025-26 ਲਈ 211.19 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ, ਨਾਲ ਹੀ ਸਾਲ 2024-25 ਦੇ ਰਿਵਾਈਜ਼ ਕੀਤੇ ਬਜਟ ਨੂੰ ਵੀ ਮਨਜ਼ੂਰੀ ਦਿੱਤੀ ਗਈ। ਮੀਟਿੰਗ ਵਿੱਚ ਪਿੰਡਾਂ ਦੀ ਅਣਦੇਖੀ ਅਤੇ ਵਿਰੋਧੀਆਂ ਨਾਲ ਪੱਖਪਾਤ ਦੇ ਮੁੱਦੇ ’ਤੇ ਕਾਫ਼ੀ ਹੰਗਾਮਾ ਹੋਇਆ ਅਤੇ ਇੱਕ ਦੂਜੇ ’ਤੇ ਦੂਸ਼ਣਬਾਜ਼ੀ ਭਾਰੂ ਰਹੀ। ਮੀਟਿੰਗ ਦੌਰਾਨ ਜਿੱਥੇ ਕਾਂਗਰਸੀ ਕੌਂਸਲਰ ਰੁਪਿੰਦਰ ਕੌਰ ਰੀਨਾ ਅਤੇ ਹਰਜੀਤ ਸਿੰਘ ਭੋਲੂ ਆਪਸ ਵਿੱਚ ਉਲਝ ਗਏ, ਉੱਥੇ ‘ਆਪ’ ਵਿਧਾਇਕ ਦੇ ਪੁੱਤਰ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਦੀ ਮੇਅਰ ਜੀਤੀ ਸਿੱਧੂ ਵਿਚਾਲੇ ਵੀ ਤਲਖ਼ ਕਲਾਮੀ ਹੋਈ।
‘ਆਪ’ ਕੌਂਸਲਰ ਗੁਰਮੀਤ ਕੌਰ ਨੇ ਵੀ ਆਪਣੀ ਵਾਰਡ ਦੇ ਕਈ ਮੁੱਦੇ ਚੁੱਕੇ ਜਦੋਂਕਿ ਕਾਂਗਰਸ ਦੀ ਕੌਂਸਲਰ ਜਸਪ੍ਰੀਤ ਕੌਰ ਨੇ ਕੂੜਾ ਡੰਪਿੰਗ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦੀ ਭਰਮਾਰ ਹੈ ਅਤੇ ਲੋਕਾਂ ਦਾ ਜੀਵਨ ਨਰਕ ਬਣਿਆ ਹੋਇਆ ਹੈ ਜਦੋਂਕਿ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਖ਼ੂਬਸੂਰਤ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਅਕਾਲੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਨੇ ਸੋਹਾਣਾ ਸਮੇਤ ਨਿਗਮ ਅਧੀਨ ਆਉਂਦੇ ਛੇ ਪਿੰਡਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿੰਡਾਂ ਨੂੰ ਸਹੂਲਤਾਂ ਦੇਣ ਲਈ ਬਜਟ ਵਿੱਚ ਫੁੱਟੀ ਕੌੜੀ ਵੀ ਨਹੀਂ ਰੱਖੀ ਗਈ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਲਈ ਵੱਖਰੇ ਬਾਇਲਾਜ ਬਣਾਏ ਜਾਣ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।
ਸਰਬਜੀਤ ਸਿੰਘ ਸਮਾਣਾ ਅਤੇ ਸੁਖਦੇਵ ਸਿੰਘ ਪਟਵਾਰੀ ਨੇ ਮਹਿਲਾ ਕੌਂਸਲਰ ’ਤੇ ਪੁਲੀਸ ਕੇਸ ਦਾ ਮੁੱਦਾ ਚੁੱਕਿਆ। ਜਿਸ ’ਤੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਕੌਂਸਲਰ ’ਤੇ ਝੂਠਾ ਪਰਚਾ ਦਰਜ ਕਰਵਾਇਆ ਹੈ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਵੀ ਭਾਜੀ ਮੋੜਾਂਗੇ। ਹਰਜੀਤ ਸਿੰਘ ਭੋਲੂ ਨੇ ਸੋਹਾਣਾ ਦੇ ਆਲੇ ਦੁਆਲੇ ਗੰਦਗੀ ਫੈਲਣ ਦਾ ਮੁੱਦਾ ਚੁੱਕਿਆ। ਬਲਜੀਤ ਕੌਰ ਅਤੇ ਰੁਪਿੰਦਰ ਕੌਰ ਰੀਨਾ ਨੇ ਫੇਜ਼-5 ਅਤੇ ਫੇਜ਼-4 ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ। ਦਵਿੰਦਰ ਕੌਰ ਵਾਲੀਆ ਨੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕਰਨ ਦੀ ਅਪੀਲ ਕੀਤੀ। ਕੌਂਸਲਰ ਵਿਨੀਤ ਵਰਮਾ ਨੇ ਸੁਸਾਇਟੀਆਂ ਦੇ ਵਿਕਾਸ ਕੰਮਾਂ ਦਾ ਮੁੱਦਾ ਚੁੱਕਿਆ।
ਬਜਟ ਵਿੱਚ ਵਿਕਾਸ ਕੰਮਾਂ ਸਮੇਤ ਅਮਲਾ, ਕੰਟੀਜੈਂਸੀ ਲਈ 211.19 ਕਰੋੜ ਰੁਪਏ ਦਾ ਖਰਚਾ ਤਜਵੀਜ਼ ਕੀਤਾ ਗਿਆ ਹੈ। ਨਿਗਮ ਨੂੰ ਹੋਣ ਵਾਲੀ ਆਮਦਨ ’ਚੋਂ ਪ੍ਰਾਪਰਟੀ ਟੈਕਸ ਦੀ ਮੱਦ ਅਧੀਨ 5500.00 ਲੱਖ ਰੁਪਏ, ਪੰਜਾਬ ਮਿਉਂਸਪਲ ਫੰਡ ਤਹਿਤ 10000.00 ਲੱਖ ਰੁਪਏ, ਬਿਜਲੀ ’ਤੇ ਸੈੱਸ ਤਹਿਤ 1000.00 ਲੱਖ ਰੁਪਏ, ਅਡੀਸ਼ਨਲ ਐਕਸਾਈਜ਼ ਡਿਊਟੀ ਤਹਿਤ 450.00 ਲੱਖ ਰੁਪਏ ਰੈਂਟ ਫੀਸ/ਸਮਝੌਤਾ ਫੀਸ ਤਹਿਤ 50.00 ਲੱਖ ਰੁਪਏ, ਕਮਿਊਨਿਟੀ ਹਾਲ ਬੁਕਿੰਗ ਫੀਸ 45.00 ਲੱਖ ਰੁਪਏ, ਵਿਗਿਆਪਨਾਂ ਤੋਂ ਹੋਣ ਵਾਲੀ ਆਮਦਨ ਤਹਿਤ 2750.00 ਲੱਖ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ਼ ਤਹਿਤ 580.00 ਲੱਖ ਰੁਪਏ, ਬਿਲਡਿੰਗ ਐਪਲੀਕੇਸ਼ਨ ਫੀਸ ਤਹਿਤ 35.00 ਲੱਖ ਰੁਪਏ, ਲਾਇਸੈਂਸ ਫੀਸ ਤਹਿਤ 45.00 ਲੱਖ ਰੁਪਏ ਅਤੇ ਹੋਰ ਮੱਦਾਂ ਜਿਵੇਂ ਕੈਟਲਪਾਉਂਡ, ਸਲਾਟਰ ਹਾਊਸ, ਅਤੇ ਮਿਸਲੇਨਿਅਸ ਇਨਕਮ ਅਧੀਨ 564.00 ਲੱਖ ਰੁਪਏ ਦੀ ਆਮਦਨ ਤਜਵੀਜ਼ ਕੀਤੀ ਗਈ।
ਉਧਰ, ਰੈਗੂਲਰ ਅਸਾਮੀਆਂ ਦਾ ਖਰਚਾ, ਰਿਟਾਇਰਮੈਂਟ ਡਿਊਜ਼, ਦਫ਼ਤਰੀ ਕੰਮ ਲਈ ਸਟਾਫ਼, ਫਾਇਰ ਸ਼ਾਖਾ, ਬਾਗਬਾਨੀ, ਬਿਜਲੀ ਸ਼ਾਖਾ, ਕੈਟਲ ਕੈਚਰ, ਫੌਗਿੰਗ ਅਤੇ ਕਮਿਊਨਿਟੀ ਹਾਲ ਦੇ ਰੱਖ-ਰਖਾਅ ਲਈ ਆਊਟਸੋਰਸ ਰਾਹੀਂ ਭਰੀਆਂ ਅਸਾਮੀਆਂ ਅਤੇ ਨਵੀਂ ਇਨਸੋਰਸ ਦਰਜਾ-4 ਅਸਾਮੀਆਂ ਜਿਵੇਂ ਕਿ ਸਫ਼ਾਈ ਸੇਵਕ/ਸੀਵਰਮੈਨ ਉੱਪਰ 7500.00 ਲੱਖ ਰੁਪਏ ਖਰਚਾ ਹੋਣ ਦੀ ਸੰਭਾਵਨਾ ਹੈ। ਕੰਟੀਜੈਂਸੀ ਖਰਚੇ ਅਧੀਨ 719.00 ਲੱਖ ਰੁਪਏ ਅਤੇ ਵਿਕਾਸ ਕੰਮਾਂ ’ਤੇ 129 ਕਰੋੜ ਰੁਪਏ ਖ਼ਰਚਣ ਦੀ ਤਜਵੀਜ਼ ਹੈ।