ਮੁਸਲਿਮ ਭਾਈਚਾਰੇ ਵੱਲੋਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ
ਮਾਲੇਰਕੋਟਲਾ, 10 ਅਪਰੈਲ
ਪੰਜਾਬ ਵਿੱਚ ਮੁਸਲਿਮ ਭਾਈਚਾਰੇ ਨੂੰ ਰਾਹਤ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ 15 ਅਕਤੂਬਰ 2008 ਨੂੰ ਮੁਸਲਮਾਨਾਂ ਲਈ ਆਪਣੀ ਅਚੱਲ ਜਾਇਦਾਦਾਂ ਦਾ ਹਿਬਾਨਾਮਾ ਕਰਨ ਲਈ ਅਸ਼ਟਾਮ ਡਿਊਟੀ ਤੋਂ ਦਿੱਤੀ ਛੋਟ ਮੌਜੂਦਾ ਸਰਕਾਰ ਦੁਆਰਾ ਕਥਿਤ ਜ਼ੁਬਾਨੀ ਹੁਕਮਾਂ ਨਾਲ ਬੰਦ ਕਰਨ ਤੋਂ ਖਫ਼ਾ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਨੇ ਇਸ ਨੂੰ ਉਨ੍ਹਾਂ ਦੇ ਹੱਕਾਂ ’ਤੇ ਹਮਲਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦੇਣ ਮਗਰੋਂ ਮੁਸਲਿਮ ਆਗੂਆਂ ਮੁਹੰਮਦ ਸ਼ਰੀਫ ਕਾਕੜਾ, ਮੁਹੰਮਦ ਜਮੀਲ ਐਡਵੋਕੇਟ, ਹਾਜੀ ਮੁਹੰਮਦ ਬਾਬੂ ਢੋਟ ਅਤੇ ਚੌਧਰੀ ਲਿਆਕਤ ਅਲੀ ਬਨਭੌਰਾ ਨੇ ਦੱਸਿਆ ਕਿ 17 ਸਾਲਾਂ ਤੋਂ ਜਾਰੀ ਹਿਬਾਨਾਮੇ ਦੀ ਸਹੂਲਤ ਨੂੰ 2022 ਵਿੱਚ ‘ਆਪ’ ਸਰਕਾਰ ਨੇ ਬੰਦ ਕਰ ਦਿੱਤਾ ਸੀ ਜਿਸ ਨੂੰ ਵੱਲੋਂ ਰੌਲਾ ਪਾਉਣ ਪਿੱਛੋਂ ਡੀਸੀ ਮਾਲੇਰਕੋਟਲਾ ਨੇ ਮੁੜ ਚਾਲੂ ਕਰ ਦਿੱਤਾ। ਮੁਸਲਿਮ ਆਗੂਆਂ ਮੁਤਾਬਿਕ ਅਗਸਤ 2024 ਤੋਂ ਮੁੜ ਹਿਬਾਨਾਮਾ ਦੇ ਇੰਤਕਾਲ ਬੰਦ ਹੋਣ ਕਾਰਨ ਉਹ ਹਿਬਾਨਾਮਾ ਕਰਵਾਉਣ ਲਈ ਪਟਵਾਰਖਾਨਿਆਂ ਦੇ ਚੱਕਰ ਕੱਟ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁਸਲਿਮ ਭਾਈਚਾਰੇ ਅੰਦਰ ਬੇਗਾਨਗੀ ਦੀ ਭਾਵਨਾਂ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਹਿਬਾਨਾਮਾ ਤੁਰੰਤ ਚਾਲੂ ਕਰਕੇ ਪੰਜਾਬ ਦੇ ਇਕਲੌਤੇ ਮੁਸਲਿਮ ਵਿਧਾਇਕ ਨੂੰ ਕੈਬਿਨਟ ਮੰਤਰੀ ਬਣਾਉਣ ਅਤੇ ਮਾਲੇਰਕੋਟਲਾ ’ਚ ਮੈਡੀਕਲ ਕਾਲਜ ਲਈ ਸੰਜੀਦਾ ਯਤਨ ਕੀਤੇ ਜਾਣ।