ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ ਪੁਲੀਸ ਤੇ ਲੋਕਾਂ ਵਿਚਾਲੇ ਖਿੱਚ-ਧੂਹ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 2 ਅਪਰੈਲ
ਇੱਥੇ ਝਗੜੇ ਦੇ ਇੱਕ ਪੁਰਾਣੇ ਮਾਮਲੇ ’ਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਦੇਰ ਰਾਤ ਪਿੰਡ ਇਲਤਫਾਤਪੁਰਾ (ਢੱਡੇਵਾੜਾ) ਪਹੁੰਚੀ ਥਾਣਾ ਸੰਦੌੜ ਦੀ ਪੁਲੀਸ ਦੀ ਟੀਮ ਵਿਚਾਲੇ ਇਕੱਠੇ ਹੋਏ ਪਿੰਡ ਵਾਸੀਆਂ ਖਿੱਚ-ਧੁੂਹ ਹੋਈ। ਜਾਣਕਾਰੀ ਅਨੁਸਾਰ ਪੁਲੀਲ ਨੇ ਖਿੱਚ-ਧੂਹ ਦੀਆਂ ਵਾਇਰਲ ਵੀਡੀਓਜ਼ ਦੇ ਆਧਾਰ ’ਤੇ ਤਿੰਨ ਔਰਤਾਂ ਸਮੇਤ ਦੋ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਇਕ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮਾਮਲੇ ਵਿੱਚ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਹੈ ਉਨ੍ਹਾਂ ’ਚ ਸਾਬਰ ਖਾਨ, ਬਾਦਲ ਖਾਨ ਉਰਫ ਬਾਦੀ, ਬੱਫੀ ਖਾਨ, ਖਾਲਿਦ ਉਰਫ ਮੋਟੂ, ਬਾਨ ਖਾਨ, ਫਿਆਜ਼ ਖਾਨ, ਇਰਫਾਨ, ਤਾਰੂ ਖਾਨ, ਬਲਾਲ, ਲੁਕਵਾਨ, ਗੋਗੀ, ਭਿੱਲੋ, ਅਲੀ ਸਾਬਕਾ ਸਰਪੰਚ, ਸੱਗੋ, ਸੁਫਾਨ, ਬਹਿਣਾ, ਜਾਹਿਦ ਅਤੇ ਸੇਮਾ ਸਮੇਤ ਪਿੰਡ ਦੇ ਔਰਤਾਂ ਸਮੇਤ 20-25 ਹੋਰ ਵਿਅਕਤੀ ਸ਼ਾਮਲ ਹਨ। ਥਾਣਾ ਸੰਦੌੜ ਦੇ ਐੱਸਐੱਚਓ ਇੰਸਪੈਕਟਰ ਯਾਦਵਿੰਦਰ ਸਿੰਘ ਅਨੁਸਾਰ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਥਾਣਾ ਸੰਦੌੜ ’ਚ ਦਰਜ ਕੇਸ ਨੰਬਰ 22 ’ਚ ਲੋੜੀਂਦੇ ਦੋ ਮੁਲਜ਼ਮ ਈਦ ਵਾਲੇ ਦਿਨ ਪਿੰਡ ਇਲਤਫਾਤਪੁਰਾ (ਢੱਡੇਵਾੜਾ) ਅੰਦਰ ਟ੍ਰੈਕਟਰਾਂ ’ਤੇ ਹੁੱਲੜਬਾਜ਼ੀ ਕਰ ਰਹੇ ਹਨ। ਮੁਲਜ਼ਮਾਂ ਬਾਰੇ ਇਤਲਾਹ ਮਿਲਣ ’ਤੇ ਜਿਉਂ ਹੀ ਹੌਲਦਾਰ ਕੁਲਜਿੰਦਰ ਸਿੰਘ ਸਮੇਤ ਪੁਲੀਸ ਮੁਲਾਜ਼ਮ ਮੁਲਜ਼ਮ ਸਾਬਰ ਦੀ ਦੁੱਧ ਦੀ ਡੇਅਰੀ ਕੋਲ ਪਹੁੰਚੇ ਤਾਂ ਮੁਲਜ਼ਮ ਦੀ ਮਦਦ ’ਚ ਆਏ 50-60 ਵਿਅਕਤੀ ਇਕੱਠੇ ਹੋ ਕੇ ਪੁਲੀਸ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਧੱਕਾ ਮੁੱਕੀ ਕਰਨ ਲੱਗੇ। ਥਾਣਾ ਮੁਖੀ ਮੁਤਾਬਿਕ ਪੁਲੀਸ ਮੁਲਾਜ਼ਮਾਂ ਨਾਲ ਹੱਥੋਪਾਈ ਦੀ ਸਾਰੀ ਘਟਨਾ ਮੌਕੇ ’ਤੇ ਲੋਕਾਂ ਵੱਲੋਂ ਆਪਣੇ ਮੋਬਾਈਲ ਫੋਨਾਂ ਰਾਹੀਂ ਬਣਾਈਆਂ ਵੀਡੀਓਜ਼ ਵਿਚ ਕੈਦ ਹੈ। ਉਨ੍ਹਾਂ ਦੱਸਿਆ ਕਿ ਵੀਡੀਓ ’ਚੋਂ ਕੀਤੀ ਪਛਾਣ ਉਪਰੰਤ ਹੀ ਇਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੱਗੋ ਨੂੰ ਜੇਲ੍ਹ ਭੇਜ ਦਿੱਤਾ ਹੈ ਜਦਕਿ ਫ਼ਿਆਜ਼ ਖਾਂ ਅਤੇ ਸਾਬਰ ਖਾਨ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਮਜ਼ਦ ਮੁਲਜ਼ਮਾਂ ਵਿਚ ਕਿਸੇ ਵੀ ਨਿਰਦੋਸ਼ ਨੂੰ ਸ਼ਾਮਲ ਨਹੀਂ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਔਰਤਾਂ ਨੇ ਪੁਲੀਸ ’ਤੇ ਕੁੱਟਮਾਰ ਦੇ ਦੋਸ਼ ਲਾਏ
ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਦਾਖਲ ਪਿੰਡ ਇਲਤਫਾਤਪੁਰਾ (ਢੱਡੇਵਾੜਾ) ਦੀਆਂ ਤਿੰਨ ਔਰਤਾਂ ਸੱਧਰਾਂ ਪਤਨੀ ਉਸਤਾਕ ਅਲੀ, ਸਾਜਿਦਾ ਪਤਨੀ ਸ਼ੈਫ-ਉਰ-ਰਹਿਮਾਨ ਅਤੇ ਨਸਰੀਨ ਪਤਨੀ ਵਾਰਿਸ ਅਲੀ ਨੇ ਪੁਲੀਸ ਉਪਰ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਲਾਠੀਆਂ ਨਾਲ ਕੁੱਟਮਾਰ ਕੀਤੀ ਜਦਕਿ ਉਹ ਆਪਣੇ ਘਰਾਂ ਅੱਗੇ ਖੜ੍ਹੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਈ ਸਾਲ ਤੋਂ ਪੈਰ ਬੁਰੀ ਤਰ੍ਹਾਂ ਖਰਾਬ ਹੋਣ ਕਰਕੇ ਬਿਮਾਰ ਪਏ ਤਾਰੂ ਖਾਨ ਨੂੰ ਮੁਲਜ਼ਮ ਵਜੋਂ ਸ਼ਾਮਲ ਕਰ ਦਿੱਤਾ ਹੈ।