ਮਾਮੂਨ ਤੋਂ ਮਾਧੋਪੁਰ ਤੱਕ ਡਿਫੈਂਸ ਸੜਕ ਦਾ ਕੰਮ ਸ਼ੁਰੂ
ਪੱਤਰ ਪ੍ਰੇਰਕ
ਪਠਾਨਕੋਟ, 6 ਅਪਰੈਲ
ਮਾਮੂਨ ਤੋਂ ਮਾਧੋਪੁਰ ਤੱਕ ਡਿਫੈਂਸ ਰੋਡ ਦਾ ਨਿਰਮਾਣ ਕਾਰਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਅੱਜ ਸ਼ੁਰੂ ਕਰਵਾਇਆ। ਇਸ ਮੌਕੇ ਮਾਮੂਨ ਬਲਾਕ ਇੰਚਾਰਜ ਗਿਆਨਵੀਰ ਸਿੰਘ ਕਾਢਾ, ਰਾਜੇਸ਼ਵਰ ਸਿੰਘ, ਅਰਜਨ ਸਿੰਘ, ਨਵਜੋਤ ਸਿੰਘ, ਜੈਲਦਾਰ ਅਜੈ ਕਿੱਟੀ, ਅਦਿੱਤਿਆ ਜੰਮਵਾਲ, ਪੰਕਜ, ਲੱਡੂ ਆਦਿ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਮਾਮੂਨ ਤੋਂ ਮਾਧੋਪੁਰ ਤੱਕ ਬਣਨ ਵਾਲੀ ਡਿਫੈਂਸ ਰੋਡ ’ਤੇ 10.9 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਹ ਸੜਕ 33 ਫੁੱਟ ਚੌੜੀ ਹੋਵੇਗੀ। ਉਨ੍ਹਾਂ ਕਿਹਾ ਕਿ ਗੰਦਲਾ ਲਾਹੜੀ ਤੋਂ ਖਾਨਪੁਰ ਤੱਕ 2.5 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਅਤੇ ਪੁਲ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਜਾਨਪੁਰ ਹਲਕੇ ਦੀਆਂ ਸਾਰੀਆਂ ਖਰਾਬ ਸੜਕਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਵੇਗਾ ਅਤੇ ਇਸ ਵਿਧਾਨ ਸਭਾ ਹਲਕੇ ਅੰਦਰ ਕੋਈ ਵੀ ਸੜਕ ਮਾੜੀ ਹਾਲਤ ਵਿੱਚ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਜੋ ਸੜਕਾਂ ਬਣਾਈਆਂ ਜਾਣਗੀਆਂ, ਇਨ੍ਹਾਂ ਦੀ 5 ਸਾਲ ਤੱਕ ਦੇਖ-ਭਾਲ ਦੀ ਜ਼ਿੰਮੇਵਾਰੀ ਸੜਕਾਂ ਬਣਾਉਣ ਵਾਲੀ ਕੰਪਨੀ ਦੀ ਹੋਵੇਗੀ।