ਡੀਜੀਪੀ ਵੱਲੋਂ ਨਾਕਿਆਂ ਤੇ ਥਾਣਿਆਂ ਦਾ ਜਾਇਜ਼ਾ
ਹਤਿੰਦਰ ਮਹਿਤਾ
ਜਲੰਧਰ, 12 ਅਪਰੈਲ
ਲਾਅ ਇਨਫੋਰਸਮੈਂਟ ਅਤੇ ਪੁਲੀਸ-ਪਬਲਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਿਰੰਤਰ ਯਤਨਾਂ ਤਹਿਤ ਡਾਇਰੈਕਟਰ ਜਨਰਲ ਆਫ ਪੁਲੀਸ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁੱਕਰਵਾਰ ਰਾਤ ਰਾਜ ਵਿਆਪੀ ‘ਨਾਈਟ ਡੋਮੀਨੇਸ਼ਨ’ ਪਹਿਲਕਦਮੀ ਤਹਿਤ ਜਲੰਧਰ ਜ਼ਿਲ੍ਹੇ ਵਿੱਚ ਅਚਨਚੇਤ ਨਿਰੀਖਣ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਇਸ ਕਵਾਇਦ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਅਪਰਾਧ, ਖਾਸ ਕਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਰਾਜ ਦੀ ਲੜਾਈ ਨੂੰ ਤੇਜ਼ ਕਰਨਾ ਹੈ। ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪਿਮਜ਼) ਦੇ ਬਾਹਰ ਇੱਕ ਵਿਸ਼ੇਸ਼ ਚੌਕੀ ਤੋਂ ਆਪਣਾ ਨਿਰੀਖਣ ਸ਼ੁਰੂ ਕਰਦਿਆਂ ਡੀਜੀਪੀ ਨੇ ਨਾਕਾਬੰਦੀ ਅਪਰੇਸ਼ਨਾਂ ਦੀ ਸਮੀਖਿਆ ਕੀਤੀ ਅਤੇ ਪੁਲੀਸ ਫੋਰਸ ਦੀ ਜ਼ਮੀਨੀ ਕਾਰਜਪ੍ਰਣਾਲੀ ਦਾ ਮੁਲਾਂਕਣ ਕੀਤਾ।
ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਸਮੇਤ ਉਨ੍ਹਾਂ ਨੇ ਪੁਲੀਸ ਦੇ ਕੰਮਕਾਜ ਬਾਰੇ ਫੀਡਬੈਕ ਇਕੱਤਰ ਕਰਨ ਲਈ ਸਥਾਨਕ ਨਿਵਾਸੀਆਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਵੀ ਕੀਤੀ। ਡੀਜੀਪੀ ਨੇ ਬਾਅਦ ਅਰਬਨ ਅਸਟੇਟ ਵਿੱਚ ਪੁਲੀਸ ਡਿਵੀਜ਼ਨ ਨੰਬਰ 7 ਦਾ ਦੌਰਾ ਕੀਤਾ, ਪੁਲੀਸ ਸਟੇਸ਼ਨ ਦਾ ਨਿਰੀਖਣ ਕੀਤਾ ਅਤੇ ਇਸ ਦੇ ਕੰਮਕਾਜ ’ਤੇ ਸੰਤੁਸ਼ਟੀ ਪ੍ਰਗਟ ਕੀਤੀ।
ਇਸ ਤੋਂ ਇਲਾਵਾ ਜਲੰਧਰ ਛਾਉਣੀ ਦੇ ਦੁਸਹਿਰਾ ਗਰਾਊਂਡ ਨੇੜੇ ਪੁਲੀਸ ਚੈੱਕ ਪੁਆਇੰਟ ’ਤੇ ਨਿਰੀਖਣ ਕੀਤਾ ਗਿਆ, ਜਿੱਥੇ ਡੀਜੀਪੀ ਨੇ ਵਿਅਕਤੀਗਤ ਤੌਰ ’ਤੇ ਚੈਕਿੰਗ ਮੁਹਿੰਮ ਦੀ ਨਿਗਰਾਨੀ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਯਾਦਵ ਨੇ ਕਿਹਾ ਕਿ ਆਉਣ ਵਾਲੇ ਵਿਸਾਖੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਵੱਡੇ ਪੱਧਰ ’ਤੇ ‘ਨਾਈਟ ਡੋਮੀਨੇਸ਼ਨ’ ਕੀਤੀ ਜਾ ਰਹੀ ਹੈ, ਜਿਸ ਤਹਿਤ ਸੀਨੀਅਰ ਅਫ਼ਸਰ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਲਈ ਫੀਲਡ ਨਿਰੀਖਣਾਂ ਦੀ ਅਗਵਾਈ ਕਰ ਰਹੇ ਹਨ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਪੰਜਾਬ ਪੁਲੀਸ ਵੱਲੋਂ ਅਪਰੇਸ਼ਨ ਸਤ੍ਰਕ ਤਹਿਤ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਅੱਧੀ ਰਾਤ ਡੀਜੀਪੀ ਗੌਰਵ ਯਾਦਵ ਪਹੁੰਚੇ ਅਤੇ ਅੰਮ੍ਰਿਤਸਰ ਪੁਲੀਸ ਵੱਲੋਂ ਕੀਤੀ ਗਈ ਨਾਕੇਬੰਦੀ ਦੀ ਚੈਕਿੰਗ ਕੀਤੀ। ਇਸ ਦੌਰਾਨ ਡੀਜੀਪੀ ਵੱਲੋਂ ਖੁਦ ਨਾਕਿਆਂ ਤੇ ਚੈਕਿੰਗ ਕੀਤੀ ਗਈ ਅਤੇ ਪੁਲੀਸ ਦੀ ਹੌਸਲਾ ਅਫਜ਼ਾਈ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਪੁਲੀਸ ਵੱਲੋਂ ਆਪਰੇਸ਼ਨ ਸਤ੍ਰਕ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਨਾਕਿਆਂ ’ਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਪੁਲੀਸ ਨੂੰ ਵੱਡੀਆਂ ਕਾਮਯਾਬੀਆਂ ਹੱਥ ਲੱਗੀਆਂ ਹਨ ਅਤੇ ਪੁਲੀਸ ਵੱਲੋਂ ਵੱਡੇ ਨਸ਼ਾ ਤਸਕਰਾਂ ’ਤੇ ਨੱਥ ਪਾਈ ਗਈ ਹੈ। ਪੁਲੀਸ ਵੱਲੋਂ ਐਂਟੀ ਡਰੋਨ ਸਿਸਟਮ ਸ਼ੁਰੂ ਕੀਤਾ ਗਿਆ ਸੀ ਉਹ ਵੀ ਕਾਫੀ ਕਾਰਗਰ ਸਾਬਤ ਹੋ ਰਿਹਾ ਹੈ।
ਡੀਜੀਪੀ ਅੰਮ੍ਰਿਤਸਰ ਦੇ ਨਾਕਿਆਂ ਨੂੰ ਚੈੱਕ ਕਰਨ ਤੋਂ ਬਾਅਦ ਸਰਹੱਦੀ ਪਿੰਡਾਂ ਵਿੱਚ ਕੀਤੀ ਜਾ ਰਹੀ ਚੈਕਿੰਗ ਦਾ ਜਾਇਜ਼ਾ ਲੈਣ ਲਈ ਪਿੰਡਾਂ ਵਿੱਚ ਵੀ ਗਏ। ਉਨ੍ਹਾਂ ਪੁਲੀਸ ਵੱਲੋਂ ਕੀਤੇ ਜਾ ਰਹੇ ਪ੍ਰਬੰਧ ਨੂੰ ਖੁਦ ਵੇਖਿਆ ਅਤੇ ਪੁਲੀਸ ਅਧਿਕਾਰੀਆਂ ਤੇ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਮੌਕੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀਸੀਪੀ ਵਿਜੇ ਆਲਮ ਸਿੰਘ, ਡੀਸੀਪੀ ਜਗਜੀਤ ਸਿੰਘ ਵਾਲੀਆ ਤੇ ਡੀਸੀਪੀ ਰਵਿੰਦਰ ਪਾਲ ਸਿੰਘ ਸੰਧੂ ਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਅਟਾਰੀ ਸਰਹੱਦ ’ਤੇ ਬੀਐੱਸਐੱਫ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਚੈਕਿੰਗ ਦਾ ਇਹ ਸਿਲਸਿਲਾ ਲਗਭਗ ਸਾਰੀ ਰਾਤ ਹੀ ਚੱਲਦਾ ਰਿਹਾ।
ਫਗਵਾੜਾ (ਜਸਬੀਰ ਸਿੰਘ ਚਾਨਾ): ਫਗਵਾੜਾ ਪੁਲੀਸ ਵੱਲੋਂ ‘ਅਪਰੇਸ਼ਨ ਸਤ੍ਰਕ’ ਐੱਸਪੀ ਰੁਪਿੰਦਰ ਕੌਰ ਭੱਟੀ ਦੀ ਅਗਵਾਈ ’ਚ ਲਗਾਇਆ ਗਿਆ, ਜਿਸ ਤਹਿਤ ਸ਼ਹਿਰ ’ਚ ਵੱਖ ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ। ਐੱਸਪੀ ਨੇ ਦੱਸਿਆ ਕਿ ਪੁਲੀਸ ਵੱਲੋਂ ਸੱਤ ਥਾਵਾਂ ’ਤੇ ਨਾਕਾ ਲਾ ਕੇ 249 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਤੇ ਅੱਠ ਵਿਅਕਤੀਆਂ ਨੂੰ ਰਾਊਡਅੱਪ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ 35 ਟ੍ਰੈਫ਼ਿਕ ਵਾਹਨਾਂ ਦੇ ਚਾਲਾਨ ਕੀਤੇ ਗਏ ਤੇ ਚਾਰ ਵਾਹਨਾਂ ਨੂੰ ਜ਼ਬਤ ਕੀਤਾ ਗਿਆ।
ਡੀਆਈਜੀ ਵੱਲੋਂ ਜੰਮੂ ਕਸ਼ਮੀਰ ਨਾਲ ਲੱਗਦੇ ਇੰਟਰਸਟੇਟ ਨਾਕਿਆਂ ਦੀ ਚੈਕਿੰਗ
ਪਠਾਨਕੋਟ (ਐੱਨਪੀ ਧਵਨ): ਜੰਮੂ ਕਸ਼ਮੀਰ ਸੂਬੇ ਨਾਲ ਲੱਗਦੇ ਮਾਧੋਪੁਰ ਦੇ ਇੰਟਰਸਟੇਟ ਨਾਕੇ ਨੂੰ ਲੰਘੀ ਰਾਤ 12 ਵਜੇ ਡੀਆਈਜੀ ਪੀਏਪੀ ਰਾਜਪਾਲ ਸੰਧੂ ਨੇ ਚੈਕ ਕੀਤਾ ਅਤੇ ਉਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੂੰ ਚੌਕਸ ਰਹਿਣ ਲਈ ਸੁਝਾਅ ਦਿੱਤੇ। ਇਸ ਦੇ ਇਲਾਵਾ ਉਨ੍ਹਾਂ ਨੇ ਸਰਹੱਦੀ ਖੇਤਰ ਅੰਦਰ ਸੈਕਿੰਡ ਲਾਈਨ ਆਫ ਡਿਫੈਂਸ ਨੂੰ ਮਜ਼ਬੂਤ ਕਰਨ ਲਈ ਉਥੇ ਲੱਗੇ ਨਾਕਿਆਂ ਅਤੇ ਹਿਮਾਚਲ ਨਾਲ ਲੱਗਦੇ ਇੰਟਰਸਟੇਟ ਨਾਕਿਆਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਇਸ ਚੈਕਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਦਾ ਇੱਕ ਹਿੱਸਾ ਦੱਸਿਆ। ਡੀਆਈਜੀ ਰਾਜਪਾਲ ਸੰਧੂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਪੂਰੇ ਸੂਬੇ ਅੰਦਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਰਾਤ ਸਮੇਂ ਚੈਕਿੰਗ ਦੌਰਾਨ ਸਾਰੇ ਪੁਲੀਸ ਪ੍ਰਸ਼ਾਸਨ ਦੇ ਉਚ ਅਧਿਕਾਰੀ ਇਸ ਚੈਕਿੰਗ ਵਿੱਚ ਮੌਜੂਦ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਪਠਾਨਕੋਟ ਦੇ ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਅਤੇ ਹੋਰ ਪੁਲੀਸ ਅਧਿਕਾਰੀ ਹਾਜ਼ਰ ਸਨ।