ਮਾਪੇ ਤੇ ਅਧਿਆਪਕ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਣ ਲਈ ਯੋਗਦਾਨ ਪਾਉਣ: ਚੀਮਾ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 10 ਅਪਰੈਲ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਸਰਕਾਰੀ ਸੈਕੰਡਰੀ ਸਕੂਲ ਰੋਗਲਾ ਅਤੇ ਸਰਕਾਰੀ ਸੈਕੰਡਰੀ ਸਕੂਲ ਲਾਡਬੰਨਜਾਰਾ ਕਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਓਐੱਸਡੀ ਤਪਿੰਦਰ ਸਿੰਘ ਸੋਹੀ, ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਤੇ ਜ਼ਿਲ੍ਹਾ ਡਿਪਟੀ ਸਿੱਖਿਆ ਅਫ਼ਸਰ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਹਰ ਪਾਸੇ ਵਿਕਾਸ ਦੀ ਹਨੇਰੀ ਚੱਲ ਰਹੀ ਹੈ ਅਤੇ ਦਿੜ੍ਹਬਾ ਦੇ ਹਰ ਪਿੰਡ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ਲਗਾਤਾਰ ਉਪਰਾਲੇ ਕੀਤੇ ਜਾਣ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾੲਂ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ਵਿੱਚੋਂ ਨਿਸ਼ਾ ਤਸਕਰਾਂ ਦਾ ਸਫਾਇਆ ਕੀਤਾ ਜਾਵੇਗਾ।
ਰਾਜਪੁਰਾ ’ਚ 52.46 ਲੱਖ ਰੁਪਏ ਦੇ ਵਿਕਾਸ ਕਾਰਜ ਸ਼ੁਰੂ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਪੁਰਾਣਾ ਰਾਜਪੁਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਐਨ ਟੀ ਸੀ ਨੰਬਰ ਇੱਕ ਵਿੱਚ ਕੁੱਲ 52.46 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਢਾਂਚਾ ਗਤ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਨਵੇਂ ਕਮਰੇ ਬਣਾਉਣਾ, ਕਲਾਸ-ਰੂਮ ਦੀ ਮੁਰੰਮਤ, ਪਖਾਨਿਆਂ ਦੀ ਉਸਾਰੀ, ਚਾਰਦੀਵਾਰੀ, ਬਰਾਂਡਿਆਂ ਦੀ ਉਸਾਰੀ, ਪਾਣੀ ਦੀਆਂ ਸਹੂਲਤਾਂ ਦੀ ਸੁਧਾਰ, ਸਕੂਲ ਕੈਂਪਸ ਦੀ ਸੁੰਦਰਤਾ ਅਤੇ ਹੋਰ ਆਧੁਨਿਕੀਕਰਨ ਦੇ ਕੰਮ ਸ਼ਾਮਲ ਹਨ। ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਸਿੱਖਿਆ ਇੱਕ ਮਹੱਤਵਪੂਰਨ ਤੇ ਅਸਰਦਾਰ ਨਿਵੇਸ਼ ਹੈ। ਬੱਚਿਆਂ ਲਈ ਚੰਗਾ ਵਿੱਦਿਅਕ ਮਾਹੌਲ ਤਿਆਰ ਕਰਨਾ ਭਗਵੰਤ ਸਿੰਘ ਮਾਨ ਸਰਕਾਰ ਦੀ ਪਹਿਲ ਹੈ। ਇਸ ਮੌਕੇ ਵਿਜੇ ਮੈਨਰੋ ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜ਼ੋਨ, ਰਿਤੇਸ਼ ਬਾਂਸਲ, ਰਾਜੇਸ਼ ਕੁਮਾਰ ਮੀਤ ਪ੍ਰਧਾਨ ਮਿਉਂਸਿਪਲ ਕੌਂਸਲ ਰਾਜਪੁਰਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ, ਅਮਰਿੰਦਰ ਸਿੰਘ ਮੀਰੀ ਪੀਏ ਹਾਜ਼ਰ ਸਨ।
ਕਿਲ੍ਹਾ ਰਹਿਮਤਗੜ੍ਹ ਦੇ ਸਕੂਲ ’ਚ ਵਿਕਾਸ ਕਾਰਜਾਂ ਦਾ ਉਦਘਾਟਨ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਮਾਲੇਰਕੋਟਲਾ ਵਿਧਾਇਕ ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ ਵੱਲੋਂ ਸਥਾਨਕ ਸਰਕਾਰੀ ਮਿਡਲ ਸਮਾਰਟ ਸਕੂਲ ਕਿਲ੍ਹਾ ਰਹਿਮਤਗੜ੍ਹ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਕੁਆਡੀਨੇਟਰ ਜਾਫ਼ਰ ਅਲੀ, ਫਰਿਆਲ ਰਹਿਮਾਨ (ਸ਼ਰੀਕ ਏ ਹਯਾਤ ਵਿਧਾਇਕ ਮਾਲੇਰਕੋਟਲਾ) ਮੁਹੰਮਦ ਹਲੀਮ ਅਤੇ ਮੁਹੰਮਦ ਯਾਸਰ ਮੌਜੂਦ ਸਨ। ਰਹਿਮਾਨ ਨੇ ਕਿਹਾ ਕਿ 12 ਹਜ਼ਾਰ ਦੇ ਕਰੀਬ ਕੱਚੇ ਅਧਿਆਪਕ ਪੱਕੇ ਕਰਨ ਸਮੇਤ 20 ਹਜ਼ਾਰ ਦੇ ਕਰੀਬ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ।