ਮਾਨਸਾ ਵਿੱਚ ਡੀਸੀ ਵੱਲੋਂ ਸੈਂਟਰਲ ਲਇਬਰੇਰੀ ਦਾ ਉਦਘਾਟਨ
ਜੋਗਿੰਦਰ ਸਿੰਘ ਮਾਨ
ਮਾਨਸਾ, 13 ਮਾਰਚ
ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਅੱਜ ਇਥੇ ਸੈਂਟਰਲ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਭਰਪੂਰ ਲਾਇਬਰੇਰੀਆਂ ਨੌਜਵਾਨਾਂ ਦਾ ਭਵਿੱਖ ਸੰਵਾਰਨ ਵਿੱਚ ਸਹਾਈ ਸਿੱਧ ਹੋਣਗੀਆਂ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਉੱਚ ਪੱਧਰ ਦਾ ਗਿਆਨ ਦੇਣ ਵਿੱਚ ਆਪਣਾ ਅਹਿਮ ਰੋਲ ਅਦਾ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਲਾਇਬਰੇਰੀ ਹਲਕਾ ਵਿਧਾਇਕ ਮਾਨਸਾ ਵਿਜੈ ਸਿੰਗਲਾ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਸਦਕਾ ਬਣਾਈ ਗਈ ਹੈ। ਅੱਜ ਖੋਲ੍ਹੀ ਗਈ ਸੈਂਟਰਲ ਲਾਇਬਰੇਰੀ ਵਿੱਚ ਐੱਚਪੀਸੀਐੱਲ ਦਾ ਵਿਸ਼ੇਸ਼ ਸਹਿਯੋਗ ਰਿਹਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਵੀ ਲਾਇਬਰੇਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਹੁਣ ਤੱਕ ਜ਼ਿਲ੍ਹੇ ਅੰਦਰ 25 ਲਾਇਬਰੇਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਪਿੰਡਾਂ ਦੇ ਨੌਜਵਾਨ ਅਤੇ ਪੜ੍ਹਨ ਵਾਲੇ ਬੱਚੇ ਲਾਹਾ ਲੈ ਰਹੇ ਹਨ। ਇਸ ਤੋਂ ਇਲਾਵਾ ਬਾਕੀ ਲਾਈਬਰੇਰੀਆਂ ਵੀ ਬਣਕੇ ਜਲਦ ਹੀ ਤਿਆਰ ਹੋ ਜਾਣਗੀਆਂ। ਉਨ੍ਹਾਂ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਰਮਲ ਆਊਸੇਪਚਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਭਰਪੂਰ ਇਨ੍ਹਾਂ ਲਾਇਬਰੇਰੀਆਂ ਦਾ ਮੌਜੂਦਾ ਸਮੇਂ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕਾਫ਼ੀ ਫਾਇਦਾ ਹੋਵੇਗਾ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋੋਜਨਾ ਬੋਰਡ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ, ਮਾਰਕੀਟ ਕਮੇਟੀ ਗੁਰਪ੍ਰੀਤ ਸਿੰਘ ਭੁੱਚਰ, ਏਡੀਸੀ (ਵਿਕਾਸ) ਆਕਾਸ਼ ਬਾਂਸਲ, ਰਵੀ ਕੁਮਾਰ, ਚੰਦਰ ਸ਼ੇਖਰ ਚੀਫ਼ ਮੈਨੇਜਰ ਐੱਚਪੀਸੀਐੱਲ, ਰਾਮ ਕੱਕੜ, ਚਿੱਤਰ ਪੰਡੀ, ਤੇਜਿੰਦਰ ਕੌਰ, ਦੇਬ ਅਸ਼ਮਿਤਾ ਵੇਜ ਤੇ ਡਾ. ਭਰਪੂਰ ਸਿੰਘ ਮੌਜੂਦ ਸਨ।