ਮਹੀਨੇ ਦੇ ਅੰਤ ਤੱਕ ਸ਼ਹਿਰ ਵਿੱਚ ਨਕਲੀ ਮੀਂਹ ਪਵਾਉਣ ਦੀ ਅਜ਼ਮਾਇਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਤਹਿਤ ਦਿੱਲੀ ਸਰਕਾਰ ਇਸ ਮਹੀਨੇ ਦੇ ਅੰਤ ਤੱਕ ਸ਼ਹਿਰ ਦੇ ਪੰਜ ਵੱਖ-ਵੱਖ ਸਥਾਨਾਂ ’ਤੇ ਨਕਲੀ ਮੀਂਹ (ਕਲਾਊਡ ਸੀਡਿੰਗ) ਪਵਾਉਣ ਦੀ ਅਜਮਾਇਸ਼ ਕਰੇਗੀ। ਹਾਲਾਂਕਿ, ਇਸ ਅਜਮਾਇਸ਼ ਲਈ ਅੰਤਿਮ ਸਥਾਨ ਮੌਸਮ ਦੀਆਂ ਸਥਿਤੀਆਂ, ਖਾਸ ਕਰਕੇ ਬੱਦਲਾਂ ਦੀ ਮੌਜੂਦਗੀ ਅਤੇ ਹਵਾ ਵਿੱਚ ਨਮੀ ’ਤੇ ਨਿਰਭਰ ਕਰਨਗੇ।
ਸੁਰੱਖਿਆ ਕਾਰਨਾਂ ਕਰਕੇ, ਲੁਟੀਅਨਜ਼ ਦਿੱਲੀ ਅਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ ਦੁਆਲੇ ਦੇ ਖੇਤਰਾਂ ਨੂੰ ਇਨ੍ਹਾਂ ਟਰਾਇਲਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਵਿਚਾਰ ਇਹ ਹੈ ਕਿ ਨਕਲੀ ਮੀਂਹ ਪ੍ਰਦੂਸ਼ਕਾਂ ਨੂੰ ਘਟਾ ਕੇ ਹਵਾ ਨੂੰ ਸਾਫ਼ ਕਰਨ ਵਿੱਚ ਮਦਦ ਕਰ ਸਕਦਾ ਹੈ। ਪੰਜ ਕਲਾਊਡ-ਸੀਡਿੰਗ ਟਰਾਈਲਾਂ ਵਿੱਚੋਂ ਹਰੇਕ ਨੂੰ ਵੱਖਰੇ ਦਿਨਾਂ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਬੱਦਲਾਂ ਵਿੱਚ ਰਸਾਇਣਾਂ ਨੂੰ ਧੂੜਨ ਲਈ ਲਗਪਗ ਇੱਕ ਤੋਂ ਡੇਢ ਘੰਟੇ ਲਈ ਉਡਾਣਾਂ ਚਲਾਈਆਂ ਜਾਣਗੀਆਂ।
ਆਈਆਈਟੀ ਕਾਨਪੁਰ ਇਸ ਤਰੀਕੇ ਦੀ ਯੋਜਨਾਬੰਦੀ ਤੋਂ ਲੈ ਕੇ ਲਾਗੂ ਕਰਨ ਤੱਕ ਪ੍ਰਯੋਗ ਦੀ ਅਗਵਾਈ ਕਰ ਰਿਹਾ ਹੈ। ਪ੍ਰਾਜੈਕਟ ਦੇ ਇੰਚਾਰਜ ਸੰਸਥਾ, ਆਈਆਈਟੀ ਕਾਨਪੁਰ ਤੋਂ ਮਨਿੰਦਰਾ ਅਗਰਵਾਲ ਨੇ ਦੱਸਿਆ ਕਿ ਉਹ ਸਿਰਫ਼ ਉਨ੍ਹਾਂ ਅਜ਼ਮਾਇਸ਼ਾਂ ਦਾ ਆਯੋਜਨ ਕਰਨਗੇ ਜਿੱਥੇ ਹਵਾ ਵਿੱਚ ਕਾਫ਼ੀ ਬੱਦਲ ਅਤੇ ਨਮੀ ਹੋਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਕੈਬਨਿਟ ਨੇ 7 ਮਈ ਨੂੰ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ।