ਮਨੋਜ ਕੁਮਾਰ ਨੂੰ ਮੈਂ ਹਮੇਸ਼ਾਂ ਰੱਬ ਮੰਨਿਐ: ਨਿਤਿਨ ਮੁਕੇਸ਼
ਨਵੀਂ ਦਿੱਲੀ, 7 ਅਪਰੈਲ
ਗਾਇਕ ਨਿਤਿਨ ਮੁਕੇਸ਼ ਇਥੇ ਸਮਾਗਮ ਦੌਰਾਨ ਮਰਹੂਮ ਅਦਾਕਾਰ ਮਨੋਜ ਕੁਮਾਰ ਨੂੰ ਯਾਦ ਕਰਦਿਆਂ ਭਾਵੁਕ ਹੋ ਗਿਆ। ਉਸ ਨੇ ਕਿਹਾ ਕਿ ਉਹ ਜਦੋਂ ਵੀ ਮਨੋਜ ਕੁਮਾਰ ਨੂੰ ਮਿਲਦਾ ਸੀ ਤਾਂ ਕਦੇ ਉਸ ਦਾ ਨਾਮ ਨਹੀਂ ਸੀ ਲਿਆ ਬਲਕਿ ਉਹ ਉਨ੍ਹਾਂ ਨੂੰ ਪ੍ਰਭੂ ਕਹਿੰਦਾ ਸੀ। ਐਤਵਾਰ ਨੂੰ ਆਪਣੇ ਪ੍ਰੋਗਰਾਮ ਦੌਰਾਨ ਗਾਇਕ ਨੇ ਕੁਝ ਪਲਾਂ ਲਈ ਰੁਕ ਕੇ ਪਿਛਲੇ ਦਿਨੀਂ ਫ਼ੌਤ ਹੋਏ ਅਦਾਕਾਰ ਮਨੋਜ ਕੁਮਾਰ ਨੂੰ ਯਾਦ ਕਰਦਿਆਂ ਦਰਸ਼ਕਾਂ ਨਾਲ ਦੁੱਖ ਸਾਂਝਾ ਕੀਤਾ। ਗਾਇਕ ਨੇ ਕਿਹਾ ਕਿ ਉਹ ਇਸ ਔਖੇ ਸਮੇਂ ਵਿੱਚ ਮਨੋਜ ਕੁਮਾਰ ਦੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਮੁੰਬਈ ਜਾਣਾ ਚਾਹੁੰਦਾ ਹੈ। ਇਹ ਸੱਚ ਸਾਰੇ ਜਾਣਦੇ ਹਨ ਕਿ ਜਿਵੇਂ ਸਾਡਾ ਮਨ ਖ਼ੁਸ਼ ਹੁੰਦਾ ਹੈ, ਉਵੇਂ ਹੀ ਇਹ ਉਦਾਸ ਵੀ ਹੁੰਦਾ ਹੈ। ਜੇ ਇਹ ਸੰਗੀਤ ਕਲਾ ਮੰਦਰ ਦਾ ਪ੍ਰੋਗਰਾਮ ਨਾ ਹੁੰਦਾ ਤਾਂ ਉਹ ਇਸ ਵੇਲੇ ਮੁੰਬਈ ਵਿੱਚ ਹੋਣਾ ਸੀ। ਗਾਇਕ ਨੇ ਆਪਣੇ ਅਤੇ ਆਪਣੇ ਪਿਤਾ ਦੀ ਜ਼ਿੰਦਗੀ ’ਚ ਮਨੋਜ ਕੁਮਾਰ ਵੱਲੋਂ ਦਿੱਤੇ ਸਹਿਯੋਗ ਨੂੰ ਯਾਦ ਕੀਤਾ। ਉਸ ਨੇ ਅਦਾਕਾਰ ਦੇ ਸਤਿਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਮਨੋਜ ਕੁਮਾਰ ਨੂੰ ਮਿਲਦਾ ਸੀ ਤਾਂ ਉਨ੍ਹਾਂ ਨੂੰ ‘ਪ੍ਰਭੂ’ ਆਖ ਕੇ ਸੰਬੋਧਨ ਕਰਦਾ ਸੀ। ਗਾਇਕ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਦਿੱਤੇ ਸਹਿਯੋਗ ਲਈ ਉਹ ਹਮੇਸ਼ਾ ਹੀ ਮਨੋਜ ਕੁਮਾਰ ਦਾ ਧੰਨਵਾਦੀ ਰਹੇਗਾ। ਉਸ ਨੇ ਕਿਹਾ, ‘‘ਮੈਂ ਜਦੋਂ ਅਦਾਕਾਰ ਦੇ ਪਰਿਵਾਰ ਨਾਲ ਵੀ ਗੱਲ ਕਰਦਾ ਸੀ ਤਾਂ ਇਹੋ ਆਖਦਾ ਸੀ ਕਿ ਮੇਰੇ ਰੱਬ ਦਾ ਕੀ ਹਾਲ ਹੈ।
ਉਹ ਮੇਰੇ ਲਈ ਰੱਬ ਦਾ ਰੂਪ ਸਨ।’’ ਗਾਇਕ ਨੇ ਆਪਣੇ ਸ਼ੋਅ ਦੌਰਾਨ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਕੁਝ ਪਲਾਂ ਲਈ ਸ਼ਾਂਤ ਰਹਿ ਕੇ ਮਰਹੂਮ ਅਦਾਕਾਰ ਮਨੋਜ ਕੁਮਾਰ ਨੂੰ ਸਤਿਕਾਰ ਅਤੇ ਸ਼ਰਧਾਂਜਲੀ ਭੇਟ ਕੀਤੀ ਜਾਵੇ। ਉਸ ਨੇ ਕਿਹਾ ਕਿ ਮਨੋਜ ਕੁਮਾਰ ਭਾਵੇਂ ਸਰੀਰਕ ਤੌਰ ’ਤੇ ਹੁਣ ਸਾਡੇ ਵਿੱਚ ਨਹੀਂ ਰਹੇ ਪਰ ਉਹ ਹਮੇਸ਼ਾਂ ਸਿਰਫ਼ ਮੇਰੇ ਹੀ ਨਹੀਂ ਬਲਕਿ ਮੁਲਕ ਦੇ ਸਾਰੇ ਵਾਸੀਆਂ ਦੇ ਦਿਲਾਂ ਵਿੱਚ ਰਹਿਣਗੇ। ਉਨ੍ਹਾਂ ਕਿਹਾ ਕਿ ਕੁਝ ਪਲ ਸ਼ਾਂਤ ਰਹਿ ਕੇ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ। -ਏਐੱਨਆਈ