ਮਜ਼ਦੂਰ ਮੁਕਤੀ ਮੋਰਚਾ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਧਰਨਾ
ਰਮੇਸ਼ ਭਾਰਦਵਾਜ
ਲਹਿਰਾਗਾਗਾ 11 ਮਈ
ਇੱਥੇ ਅੱਜ ਐੱਸਡੀਐੱਮ ਦਫ਼਼ਤਰ ’ਚ ਲੱਗੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵੱਲੋਂ ਲਾਏ ਗਏ ਪੱਕੇ ਧਰਨੇ ਨੂੰ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਪੰਜਾਬ ਦੀ ਪ੍ਰਧਾਨ ਕਾਮਰੇਡ ਜਸਵੀਰ ਕੌਰ ਨੱਤ ਨੇ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਲਹਿਰਾਗਾਗਾ ਵਿਖੇ ਇੱਕ ਫਾਇਨਾਂਸਰ ਬਲਦੀਪ ਸਿੰਘ ਵੱਲੋਂ ਸੰਤੋਸ਼ ਰਾਣੀ ਪਤਨੀ ਪ੍ਰੇਮ ਚੰਦ ਲਹਿਰਾਗਾਗਾ, ਸੰਤੋਸ਼ ਦੇਵੀ ਪਤਨੀ ਬਿਮਲ ਕੁਮਾਰ ਵਾਸੀ ਲਹਿਰਾਗਾਗਾ, ਰਾਣੀ ਕੌਰ ਪਤਨੀ ਲਾਲ ਸਿੰਘ ਵਾਸੀ ਲਹਿਰਾਗਾਗਾ ਦੇ ਘਰਾਂ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਹੇਠ ਥਾਣਾ ਲਹਿਰਾਗਾਗਾ ਦੀ ਪੁਲੀਸ ਨੇ ਧਾਰਾ 420 ਤਹਿਤ ਕੇਸ ਦਰਜ ਕੀਤਾ ਹੈ ਪਰ ਪੁਲੀਸ ਨੇ ਫਾਇਨਾਂਸਰ ਨਾਲ ਮਿਲੀ-ਭੁਗਤ ਕਰਕੇ ਕਾਰਵਾਈ ਵਿਚ ਢਿੱਲ ਵਰਤੀ ਜਾ ਰਹੀ ਹੈ। ਕਾਮਰੇਡ ਨੱਤ ਨੇ ਕਿਹਾ ਕਿ ਭਾਵੇਂ ਅੱਜ ਐੱਸਡੀਐੱਮ ਦੇ ਦਫ਼ਤਰ ’ਚ ਪੱਕਾ ਮੋਰਚਾ ਲਾਇਆ ਹੈ। ਜੇਕਰ ਪੀੜਤ ਪਰਿਵਾਰਾਂ ਨੂੰ ਜਲਦੀ ਘਰ ਮੁੜ ਵਸੇਬਾ ਨਾ ਕਰਵਾਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਕਾਮਰੇਡ ਜਸਵੀਰ ਕੌਰ ਨੱਤ ਦੀ ਅਗਵਾਈ ਹੇਠ 13 ਮੈਂਬਰੀ ਔਰਤਾਂ ਦੀ ਕਮੇਟੀ ਚੁਣੀ ਗਈ, ਜਿਸ ਅਹਿਦ ਲਿਆ ਗਿਆ ਕਿ ਪੀੜਤ ਪਰਿਵਾਰਾਂ ਦੇ ਇਨਸਾਫ ਦੀ ਲੜਾਈ ਲੜ ਕੇ ਉਨ੍ਹਾਂ ਦਾ ਮੁੜ ਵਸੇਬਾ ਕਰਵਾ ਕੇ ਹੀ ਦਮ ਲਿਆ ਜਾਵੇਗਾ। ਇਸ ਮੌਕੇ ਕਾਮਰੇਡ ਬਿੱਟੂ ਖੋਖਰ, ਮਨਜੀਤ ਕੌਰ ਆਲੋਅਰਖ, ਕਰਮਜੀਤ ਕੌਰ ਛਾਜਲੀ, ਘੁਮੰਡ ਸਿੰਘ ਖਾਲਸਾ, ਕਾਮਰੇਡ ਕਿੱਕਰ ਸਿੰਘ ਖਾਲਸਾ, ਕੁਲਵੰਤ ਛਾਜਲੀ, ਕਿਰਨਪਾਲ ਕੌਰ ਭੁਟਾਲ, ਗੋਗੀ ਲਹਿਰਾਗਾਗਾ, ਰੀਨਾ ਰਾਣੀ, ਬਲਜੀਤ ਕੌਰ, ਦਵਿੰਦਰ ਕੌਰ, ਮਨਜੀਤ ਕੌਰ ਲਹਿਰਾਗਾਗਾ ਜਸਵੰਤ ਕੌਰ ਭੁਟਾਲ ਅਤੇ ਸੁਰਜੀਤ ਕੌਰ ਭੁਟਾਲ ਹਾਜ਼ਰ ਸਨ।