ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਖੌਟੇ ਤੇ ਲਬਾਦੇ

01:32 PM Feb 04, 2023 IST

ਬਲਦੇਵ ਸਿੰਘ (ਸੜਕਨਾਮਾ)

Advertisement

ਅਚਾਨਕ ਵੱਜੀ ਫੋਨ ਦੀ ਘੰਟੀ ਕਦੇ ਕਦੇ ਡਰਾ ਦਿੰਦੀ ਹੈ। ਫਿਰ ਆਪਣੇ ਆਪ ਹੀ ਹਾਸਾ ਆ ਜਾਂਦੈ। ਮੈਂ ਨੰਬਰ ਵੇਖਿਆ, ਓਪਰਾ ਸੀ ‘ਟਰੂ-ਕਾਲਰ’ ਨੇ ਵੀ ਮਦਦ ਨਾ ਕੀਤੀ। ਮੋਬਾਈਲ ਔਨ ਕਰਕੇ ਕਿਹਾ:

‘ਹੈਲੋ… ਅ…।’

Advertisement

ਉਧਰੋਂ ਵੀ ਆਵਾਜ਼ ਆਈ; ਹੈਲੋ, ਆਵਾਜ਼ ਓਪਰੀ ਲੱਗੀ। ਪੁੱਛਿਆ… ‘ਕੌਣ ਸਾਹਬ?’

‘ਹੁਣ ਅਸੀਂ ਕੌਣ ਹੋ ਗਏ?’ ਆਵਾਜ਼ ਵਿੱਚ ਤਲਖੀ ਸੀ।

‘ਸੌਰੀ ਭਾਈ ਸਾਹਬ, ਕੌਣ ਬੋਲ ਰਹੇ ਹੋ?’ ਮੈਂ ਬਥੇਰੇ ਲੱਖਣ ਲਾਏ। ਕੌਣ ਹੋ ਸਕਦੈ? ਇੰਨੇ ਅਧਿਕਾਰ ਨਾਲ ਤਾਂ ਗੂੜ੍ਹਾ ਜਾਣੂ ਹੀ ਬੋਲ ਸਕਦੈ। ਉੱਧਰੋਂ ਕੋਈ ਆਵਾਜ਼ ਨਾ ਆਈ। ਮੈਂ ਹਥਿਆਰ ਸੁੱਟ ਦਿੱਤੇ। ਫਿਰ ਪੁੱਛਿਆ- ‘ਹੈਲੋ- ਦੱਸੋ ਪਲੀਜ਼ ਕੌਣ ਹੋ?’

‘ਕੌਤਕੀ ਬੋਲਦੈਂ।’ ਪਹਿਲੇ ਅੰਦਾਜ਼ ਵਿੱਚ ਹੀ ਆਵਾਜ਼ ਆਈ।

ਮੈਨੂੰ ਗੁੱਸਾ ਆ ਗਿਆ- ‘ਇਹ ਕੀ ਨੌਟੰਕੀ ਹੈ? ਨੰਬਰ ਵੀ ਹੋਰ, ਆਵਾਜ਼ ਵੀ ਬਦਲ ਕੇ ਬੋਲਦੈ। ਮੈਂ ਕੋਈ ਬਾਗੇਸ਼ਵਰ ਬਾਬਾ ਐਂ, ਦਿੱਬ ਦ੍ਰਿਸ਼ਟੀ ਨਾਲ ਪਤਾ ਲਾ ਲਵਾਂ? ਤੂੰ ਮੇਰੀ ਪ੍ਰੀਖਿਆ ਲੈਣ ਲੱਗਾ ਹੋਇਐਂ?’

ਪ੍ਰੋ. ਕੌਤਕੀ ਅੱਗੋਂ ਹੱਸਣ ਲੱਗ ਪਿਆ।

‘ਹੱਸਣ ਵਾਲੀ ਕਿਹੜੀ ਗੱਲ ਹੈ ਇਹਦੇ ‘ਚ?’ ਮੈਂ ਪੁੱਛਿਆ

‘ਤੇਰੇ ‘ਘੁਟਾਲੇ ਹੀ ਘੁਟਾਲੇ’ ਯਾਦ ਕਰਕੇ ਹਾਸਾ ਆ ਗਿਆ।’

‘ਉਹ ਤਾਂ ਬੇਚੈਨ ਹੋਣ ਵਾਲੀ ਗੱਲ ਸੀ।’ ਮੈਂ ਕਿਹਾ।

‘ਮੈਂ ਤਾਂ ਹੱਸਿਆਂ ਤੈਨੂੰ ਆਸ ਪਾਸ ਹੋਰ ਕੁਝ ਨਹੀਂ ਦਿੱਸਦਾ?’

‘ਸਭ ਕੁਝ ਦਿੱਸਦੈ, ਦਿੱਸਦਾ ਕਿਉਂ ਨਹੀਂ?’

‘ਦਿੱਸਦਾ ਹੁੰਦਾ ਤਾਂ ਬੂਹਾ ਨਾ ਖੋਲ੍ਹ ਦਿੰਦਾ, ਮੈਂ ਬਾਹਰ ਖੜ੍ਹੈਂ।’

ਮੈਂ ਜਾ ਕੇ ਬੂਹਾ ਖੋਲ੍ਹਿਆ। ਸੱਚ ਹੀ ਉਹ ਰਹੱਸਮਈ ਜਿਹਾ ਬਣਿਆ ਖੜ੍ਹਾ ਮੁਸਕਰਾ ਰਿਹਾ ਸੀ।

ਅੰਦਰ ਆਉਂਦਿਆਂ ਪੁੱਛਿਆ- ‘ਅੱਜ ਕੋਈ ਹੋਰ ਈ ਚੈਨਲ ਲਾਈ ਬੈਠੈਂ।’

‘ਮੈਂ ਆਉਣਾ ਤਾਂ ਨਹੀਂ ਸੀ, ਕੱਲ੍ਹ ਦਿੱਲੀ ਜਾ ਰਿਹਾਂ ਤੇ ਫਿਰ ਉੱਧਰੋਂ ਹੀ ਕੈਨੇਡਾ ਨੂੰ ਨਿਕਲ ਜਾਣੈ। ਇਹ ਵੀ ਪਤਾ ਨਹੀਂ ਅਮਰੀਕਾ ਹੀ ਚਲਾ ਜਾਵਾਂ।’

‘ਫਿਰ ਤਾਂ ਐਮਰਜੈਂਸੀ ‘ਚ ਹੀ ਮਿਲਣ ਆਇਐਂ, ਉਹ ਵੀ ਓਪਰੇਪਣ ਦਾ ਮਖੌਟਾ ਪਾ ਕੇ।’ ਮੈਂ ਹਿਸਾਬ ਸਾਵਾਂ ਕਰਨ ਲਈ ਕਿਹਾ।

‘ਮਖੌਟਾ ਪਾਇਆ ਕਿਸ ਨੇ ਨਹੀਂ ਇੱਥੇ? ਤੂੰ ਪਿੱਛੇ ਜਿਹੇ ਘੁਟਾਲਿਆਂ ਦੀ ਗੱਲ ਕੀਤੀ ਸੀ, ਤੈਨੂੰ ਘੁਟਾਲੇ ਕਰਨ ਵਾਲੇ ਨਹੀਂ ਦਿੱਸਦੇ?’

‘ਮੈਂ ਸਮਝਿਆ ਨਹੀਂ ਤੇਰੀ ਗੱਲ।’

‘ਸਮਝਿਆ ਨਹੀਂ ਕਿ ਸਮਝਣਾ ਨਹੀਂ ਚਾਹੁੰਦਾ? ਤੈਨੂੰ ਯਾਦ ਹੈ, ਜਦ ਪਿਛਲੀ ਫੇਰੀ ਵੇਲੇ ਮੈਂ ਤੈਨੂੰ ਮਿਲਿਆ ਸੀ। ਕੀ ਕਿਹਾ ਸੀ ਤੂੰ?’

‘ਮੈਨੂੰ ਤਾਂ ਯਾਦ ਨਹੀਂ ਕੁਝ।’

‘ਮੈਨੂੰ ਯਾਦ ਹੈ।’ ਕੌਤਕੀ ਬੋਲਿਆ- ‘ਤੂੰ ਕਿਹਾ ਸੀ, ਹਿਟਲਰ ਦਾ, ਔਰੰਗਜ਼ੇਬ ਦਾ, ਚੰਗੇਜ਼ ਖਾਂ, ਨਾਦਰਾਂ, ਨੂਰਾਨੀਆਂ ਦਾ ਜ਼ਮਾਨਾ ਹੁਣ ਨਹੀਂ ਰਿਹਾ। ਇਹ ਸਭ ਬੀਤੇ ਦੀ ਕਹਾਣੀ ਬਣ ਗਿਆ, ਇਤਿਹਾਸ ਬਣ ਗਿਆ। ਕਿਹਾ ਸੀ ਨਾ?’

‘ਸ਼ਾਇਦ ਕਿਹਾ ਹੋਵੇ। ਪਤਾ ਨਹੀਂ ਕਿਹੜੇ ਸੰਦਰਭ ‘ਚ ਗੱਲ ਕਹੀ ਹੋਣੀ ਐ।’ ਮੈਂ ਯਾਦ ਕਰਨ ਦੀ ਕੋਸ਼ਿਸ਼ ਕੀਤੀ।

‘ਓਹ ਛੱਡ ਤੂੰ। ਅੱਜ ਦੀ ਗੱਲ ਕਰ। ਤੂੰ ਹੁਣ ਵੀ ਸਮਝਦਾ ਐਂ ਇਹ ਜ਼ਮਾਨਾ ਹਿਟਲਰ, ਔਰੰਗਜ਼ੇਬ ਦਾ ਨਹੀਂ ਹੈ?’ ਕੌਤਕੀ ਮੇਰੇ ਵੱਲ ਵੰਗਾਰ ਨਾਲ ਝਾਕਿਆ।

‘ਹਾਂ ਮੈਂ ਸਮਝਦਾਂ, ਹੁਣ ਉਨ੍ਹਾਂ ਦਾ ਜ਼ਮਾਨਾ ਨਹੀਂ ਰਿਹਾ।’

‘ਪਰ ਮੈਂ ਨਹੀਂ ਸਮਝਦਾ।’ ਪ੍ਰੋ. ਕੌਤਕੀ ਦਾਅਵੇ ਨਾਲ ਬੋਲਿਆ: ਔਰੰਗਜ਼ੇਬ, ਹਿਟਲਰ ਤੇ ਉਨ੍ਹਾਂ ਵਰਗੇ ਹੋਰ ਸਰੀਰਕ ਤੌਰ ‘ਤੇ ਤਾਂ ਬਣ ਗਏ ਨੇ, ਪਰ ਉਨ੍ਹਾਂ ਦੀਆਂ ਰੂਹਾਂ, ਆਤਮਾਵਾਂ, ਵਾਇਰਸ ਜੋ ਵੀ ਤੂੰ ਕਹਿਣਾ ਚਾਹੇਂ ਕਿਧਰੇ ਨਹੀਂ ਗਏ। ਉਹ ਇੱਥੇ ਹੀ ਨਗਰਾਂ, ਮਹਾਂਨਗਰਾਂ, ਰਾਜਧਾਨੀਆਂ ਵਿੱਚ ਮੰਡਰਾਉਂਦੇ ਫਿਰਦੇ ਨੇ। ਜਿਵੇਂ ਕਰੋਨਾ ਵਾਇਰਸ ਨੇ ਚੀਨ ਅਤੇ ਵਿਸ਼ਵ ਦੇ ਬਹੁਤੇ ਮੁਲਕਾਂ ਦੀ ਨੀਂਦਰ ਹਰਾਮ ਕੀਤੀ ਹੋਈ ਹੈ, ਇਵੇਂ ਇਨ੍ਹਾਂ ਧਾੜਵੀਆਂ, ਲੁਟੇਰਿਆਂ, ਡਿਕਟੇਟਰਾਂ ਦੀ ਰੂਹ ਵੀ ਪੂਰੇ ਵਿਸ਼ਵ ਦੇ ਆਵਾਮ ਨੂੰ ਪਰੇਸ਼ਾਨ ਕਰ ਰਹੀ ਹੈ। ਜ਼ਰਾ ਝਾਤੀ ਮਾਰ ਆਪਣੇ ਰਹਿਬਰਾਂ ‘ਤੇ, ਆਪਣੇ ਨੇਤਾਵਾਂ ‘ਤੇ ਅਤੇ ਆਪਣੇ ਹਰਮਨ ਪਿਆਰੇ ਆਗੂਆਂ ‘ਤੇ। ਇਨ੍ਹਾਂ ਨੂੰ ਹੈ ਕੋਈ ਆਪਣੇ ਲੋਕਾਂ ਦਾ ਫ਼ਿਕਰ? ਚਿੰਤਾ ਹੈ ਲੋਕਾਂ ਦੇ ਦਰਦਾਂ ਦੀ? ਇੱਕ ਪਾਸੇ ਇੱਕ ਡੰਗ ਦੀ ਰੋਟੀ ਨੂੰ ਤਰਸਦੇ ਨੇ ਲੋਕ, ਦੂਸਰੇ ਪਾਸੇ…?’ ਪ੍ਰੋ. ਕੌਤਕੀ ਨੇ ਭੈੜਾ ਜਿਹਾ ਮੂੰਹ ਬਣਾ ਕੇ ਨੀਵੀਂ ਪਾ ਲਈ।

‘ਨੈਤਿਕਤਾ ਵੇਖੀ ਐ ਇਨ੍ਹਾਂ ਲੋਕ ਸੇਵਕਾਂ ਦੀ?’ ਕੌਤਕੀ ਉਸੇ ਰੌਂਅ ਵਿੱਚ ਬੋਲਿਆ- ‘ਸਾਲ ਵਿੱਚ ਚਾਰ-ਚਾਰ ਪਾਰਟੀਆਂ ਬਦਲਦੇ ਨੇ ਤੂੰ ਸਮਝਦਾ ਹੋਵੇਂਗਾ, ਇਹ ਆਪਣੇ ਲੋਕਾਂ ਦੀ ਭਲਾਈ ਲਈ ਬਦਲਦੇ ਹੋਣਗੇ?’

‘ਆਖਦੇ ਤਾਂ ਇਹੀ ਹੁੰਦੇ ਨੇ।’ ਮੈਂ ਕਿਹਾ।

‘ਬੋਲ ਨਾ ਵਿੱਚ, ਸੁਣੀ ਚੱਲ।’ ਉਸ ਨੇ ਝਿੜਕਿਆ- ‘ਇਨ੍ਹਾਂ ਨੇ ਸਿਰਫ਼ ਇਹੀ ਦੇਖਣਾ ਹੈ, ਕਿਹੜੀ ਪਾਰਟੀ ਸੱਤਾ ਵਿੱਚ ਹੈ ਤੇ ਝੱਟ ਓਧਰ ਬਰਸਾਤੀ ਡੱਡੂ ਵਾਂਗੂ ਟਪੂਸੀ ਮਾਰ ਜਾਂਦੇ ਨੇ।’

ਮੇਰੇ ਕੋਲ ਫਿਰ ਚੁੱਪ ਨਾ ਰਿਹਾ ਗਿਆ- ‘ਇਨ੍ਹਾਂ ਨੂੰ ਕੁਰਸੀ ਦਿੱਸਦੀ ਹੈ, ਜਿੱਧਰ ਝਾਕ ਹੁੰਦੀ ਹੈ, ਚਲੇ ਜਾਂਦੇ ਨੇ।’

‘ਨਹੀਂ ਨਹੀਂ, ਤੂੰ ਭੁੱਲਦੈਂ….।’ ਕੌਤਕੀ ਇੱਕੋ ਸਾਹ ਬੋਲਿਆ- ‘ਡਰ ਹੁੰਦਾ ਐ ਡਰ। ਕੋਈ ਭਲਾ ਕੰਮ ਤਾਂ ਕੀਤਾ ਨਹੀਂ ਹੁੰਦਾ। ਉਹੀ ਘਪਲੇ। ਫਿਰ ਈ.ਡੀ. ਦੇ ਛਾਪੇ, ਸੀ.ਬੀ.ਆਈ. ਦੀਆਂ ਇਨਕੁਆਰੀਆਂ ਤੇ ਸੁਪਨੇ ਵਿੱਚ ਦਿੱਸਦਾ ਹੈ, ਜੇਲ੍ਹ ਦਾ ਮੁੱਖ ਦਰਵਾਜ਼ਾ ਤੇ ਚਲੇ ਜਾਂਦੇ ਐ ਸੱਤਾ ਦੀ ਸ਼ਰਨ ਵਿੱਚ। ਜੇ ਕਹੇਂ ਤਾਂ ਨਾਮ ਲੈ ਕੇ ਵੀ ਦੱਸ ਸਕਦੈਂ।’

‘ਕਿਉਂ ਭਰਾਵਾ ਸੇਹ ਦਾ ਤੱਕਲਾ ਗੱਡਦੈਂ। ਆਪ ਤਾਂ ਤੂੰ ਜਹਾਜ਼ ਚੜ੍ਹ ਜਾਣੈ ਤੇ ਮੈਨੂੰ ਇੱਥੇ…।’

ਇਸ ਵਾਰ ਕੌਤਕੀ ਖੁੱਲ੍ਹ ਕੇ ਹੱਸ ਪਿਆ।

‘ਡਰ ਗਿਆ, ਤੂੰ ਵੀ ਡਰ ਗਿਆ?’ ਉਹ ਫਿਰ ਹੱਸਿਆ; ਇੱਥੇ ਸਾਡੇ ਰਹਿਬਰ, ਮਖੌਟੇ ਪਹਿਨੀ ਫਿਰਦੇ ਨੇ: ਲੋਕਤੰਤਰ ਦੇ, ਰਾਸ਼ਟਰਵਾਦੀ ਹੋਣ ਦੇ, ਨਵਾਂ ਭਾਰਤ ਸਿਰਜਣ ਦੇ ਹੋਰ ਬੜਾ ਕੁਝ ਹੈ ਉਨ੍ਹਾਂ ਕੋਲ, ਪਰ ਅੰਦਰ ਉਨ੍ਹਾਂ ਦੇ ਹਿਟਲਰ ਹਿਣਕਦੈ, ਔਰੰਗਜ਼ੇਬ ਦਹਾੜਦੈ…।’

ਮੈਂ ਹੱਥ ਜੋੜੇ- ‘ਮੇਰੇ ਉੱਪਰ ਰਹਿਮ ਕਰ ਕੌਤਕੀ।’

‘ਰਹਿਮ ਕਰਨ ਨੂੰ ਮੈਂ ਕਿਹੜਾ, ਚੱਲ ਛੱਡ। ਮੈਂ ਤੈਨੂੰ ਪਿਛਲੇ ਕਾਫ਼ੀ ਸਮੇਂ ਤੋਂ ਵੇਖ ਰਿਹੈਂ, ਇੱਕ-ਅੱਧ ਮਖੌਟਾ ਤਾਂ ਤੂੰ ਵੀ ਪਹਿਨੀ ਫਿਰਦੈਂ। ਨੰਗੇ ਧੜ ਮੈਦਾਨ ‘ਚ ਆ।’ ਕੌਤਕੀ ਨੇ ਫਿਰ ਵੰਗਾਰਿਆ।

ਬਘਿਆੜਾਂ ਦੇ ਝੁੰਡ ਵਿੱਚ ਸਹੇ ਦਾ ਆਪਣਾ ਮਾਸ ਹੀ ਬਚਿਆ ਰਹੇ ਤਾਂ ਇਹ ਵੀ ਚਮਤਕਾਰ ਹੀ ਹੈ।’ ਮੈਂ ਬਚਾਅ ਕੀਤਾ।

‘ਸੱਤਾਧਾਰੀਆਂ ਦਾ ਪਟਾ ਤਾਂ ਨ੍ਹੀਂ ਗਲ ‘ਚ ਪਾਉਣ ਨੂੰ ਫਿਰਦਾ?’

‘ਵੱਡੇ ਵੱਡੇ ਥੰਮ੍ਹ ਡਿੱਗ ਰਹੇ ਵੇਖ ਕੇ ਸੋਚਦਾਂ, ਦੜ ਵੱਟ ਜ਼ਮਾਨਾ ਕੱਟ, ਅੱਛੇ ਦਿਨ ਆਉਣਗੇ।’

ਪ੍ਰੋ. ਕੌਤਕੀ ਖਫ਼ਾ ਹੋ ਗਿਆ ਜਾਪਿਆ- ‘ਉਡੀਕੀ ਚੱਲ ਅੱਛੇ ਦਿਨ। ਤੇਰੇ ਵਿੱਚ ਵੀ ਮੈਨੂੰ ਉਹੀ ਵਾਇਰਸ ਆਇਆ ਲੱਗਦੈ।’ ਉਹ ਉੱਠ ਖੜ੍ਹਾ ਹੋਇਆ ਤੇ ਬਾਹਰ ਜਾਣ ਲਈ ਤੁਰ ਪਿਆ।

ਹੁਣ ਆਪਣੇ ਯਾਰ ਨੂੰ ਆਖਾਂ ਵੀ ਤਾਂ ਕੀ ਆਖਾਂ?

ਸੰਪਰਕ: 98147-83069

Advertisement