ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਸਿਨੇਮਾ ਦਾ ਮਾਣ ਵਿਜੈ ਟੰਡਨ

04:17 AM May 03, 2025 IST
featuredImage featuredImage

ਅੰਗਰੇਜ ਸਿੰਘ ਵਿਰਦੀ
ਅਦਾਕਾਰ ਵਿਜੈ ਟੰਡਨ ਪੰਜਾਬੀ ਸਿਨੇਮਾ ਦਾ ਇੱਕ ਅਜਿਹਾ ਅਦਾਕਾਰ ਹੈ ਜਿਸ ਨੇ ਸੱਤਰ ਦੇ ਦਹਾਕੇ ਵਿੱਚ ਆਪਣੇ ਫਿਲਮੀ ਕਰੀਅਰ ਦਾ ਆਗਾਜ਼ ਕੀਤਾ ਤੇ 50 ਸਾਲ ਦਾ ਸ਼ਾਨਦਾਰ ਸਫ਼ਰ ਤੈਅ ਕਰਕੇ ਉਹ ਅੱਜ ਵੀ ਪੰਜਾਬੀ ਫਿਲਮਾਂ ਵਿੱਚ ਪੂਰੀ ਸ਼ਿੱਦਤ ਨਾਲ ਆਪਣੀ ਅਦਾਕਾਰੀ ਦੇ ਰੰਗ ਬਿਖੇਰ ਰਿਹਾ ਹੈ। ਪੰਜਾਬੀ ਸਿਨੇਮਾ ਦੀ ਝੋਲੀ ਵਿੱਚ ਬਹੁਤ ਸਾਰੀਆਂ ਖ਼ੂਬਸੂਰਤ ਫਿਲਮਾਂ ਪਾਉਣ ਵਾਲਾ ਵਿਜੈ ਟੰਡਨ ਅਜਿਹਾ ਇਕੱਲਾ ਸ਼ਖ਼ਸ ਹੈ ਜਿਸ ਦੀ ਬਤੌਰ ਲੇਖਕ, ਨਿਰਮਾਤਾ ਅਤੇ ਅਦਾਕਾਰ ਵਜੋਂ 1993 ਵਿੱਚ ਰਿਲੀਜ਼ ਹੋਈ ਫਿਲਮ ‘ਕਚਹਿਰੀ’ ਨੂੰ ਸਾਲ 1994 ਵਿੱਚ ਬਿਹਤਰੀਨ ਫਿਲਮ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਪੰਜਾਬੀ ਸਿਨੇਮਾ ਦਾ ਮਾਣ ਹੈ।
ਤੇਰਾਂ ਮਾਰਚ 1950 ਨੂੰ ਸੋਹਣ ਲਾਲ ਟੰਡਨ ਅਤੇ ਮਾਤਾ ਸਤਿਆਵਤੀ ਦੇ ਘਰ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਓਂ ਵਿੱਚ ਪੈਦਾ ਹੋਏ ਵਿਜੈ ਟੰਡਨ ਨੇ ਮੁੱਢਲੀ ਸਿੱਖਿਆ ਜਗਰਾਓਂ ਤੋਂ ਹੀ ਹਾਸਲ ਕੀਤੀ, ਉਪਰੰਤ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ। ਚੰਡੀਗੜ੍ਹ ਪੜ੍ਹਦਿਆਂ ਹੀ ਉਸ ਦੀ ਦਿਲਚਸਪੀ ਅਦਾਕਾਰੀ ਵੱਲ ਹੋ ਗਈ ਤੇ ਉਹ ਚੰਡੀਗੜ੍ਹ ਥੀਏਟਰ ਗਰੁੱਪ ਦਾ ਹਿੱਸਾ ਬਣ ਗਿਆ। ਇੱਥੇ ਹੀ ਥੀਏਟਰ ਕਰਦੇ ਹੋਏ ਉਸ ਦੀ ਮੁਲਾਕਾਤ ਪ੍ਰਸਿੱਧ ਅਦਾਕਾਰ ਮਿਹਰ ਮਿੱਤਲ ਨਾਲ ਹੋ ਗਈ ਜਿਸ ਨੇ ਵਿਜੈ ਦੇ ਫਿਲਮੀ ਕਰੀਅਰ ਨੂੰ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ। ਉਸ ਜ਼ਮਾਨੇ ਦੀਆਂ ਥੀਏਟਰ ਦੀਆਂ ਉੱਘੀਆਂ ਹਸਤੀਆਂ ਨਾਟਕਕਾਰ ਗੁਰਸ਼ਰਨ ਸਿੰਘ, ਹਰਪਾਲ ਟਿਵਾਣਾ, ਸਰਦਾਰ ਭਾਗ ਸਿੰਘ, ਸੁਰਜੀਤ ਸੇਠੀ ਅਤੇ ਕਪੂਰ ਸਿੰਘ ਘੁੰਮਣ ਨਾਲ ਉਸ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਰੰਗਮੰਚ ਕਰਦਿਆਂ ਉਸ ਦੀ ਅਦਾਕਾਰੀ ਵਿੱਚ ਨਿਖਾਰ ਆਉਣ ਲੱਗਾ। 1969 ਵਿੱਚ ਉਸ ਨੇ ਬਲਵੰਤ ਗਾਰਗੀ ਦਾ ਲਿਖਿਆ ਮਸ਼ਹੂਰ ਨਾਟਕ ‘ਗਗਨ ਮੇਂ ਥਾਲ’ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕੀਤਾ ਜਿਸ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਮਿਲਿਆ। ਥੀਏਟਰ ਵਿੱਚ ਖੇਡੇ ਅਣਗਿਣਤ ਨਾਟਕਾਂ ਜ਼ਰੀਏ ਅਦਾਕਾਰੀ ਵਿੱਚ ਪਰਿਪੱਕਤਾ ਹਾਸਲ ਕਰਨ ਤੋਂ ਬਾਅਦ ਉਸ ਨੇ ਪੰਜਾਬੀ ਫਿਲਮਾਂ ਵੱਲ ਰੁਖ਼ ਕੀਤਾ ਤੇ ਪ੍ਰਸਿੱਧ ਫਿਲਮਸਾਜ਼ ਇੰਦਰਜੀਤ ਹਸਨਪੁਰੀ ਨੇ ਉਸ ਨੂੰ ਆਪਣੀ ਪੰਜਾਬੀ ਫਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ਲਈ ਸਾਈਨ ਕਰ ਲਿਆ ਜੋ ਨਾਮਵਰ ਅਦਾਕਾਰ ਵਰਿੰਦਰ ਦੀ ਵੀ ਪਹਿਲੀ ਫਿਲਮ ਸੀ। ਬੇਸ਼ੱਕ ਫਿਲਮ ਦੀ ਸ਼ੂਟਿੰਗ 13 ਜਨਵਰੀ 1971 ਨੂੰ ਸ਼ੁਰੂ ਹੋ ਗਈ ਸੀ, ਪਰ ਕਿਸੇ ਕਾਰਨ ਫਿਲਮ ਨੂੰ ਪੂਰੇ ਹੋਣ ਵਿੱਚ 4 ਸਾਲ ਲੱਗ ਗਏ ਤੇ ਉਸ ਤੋਂ ਪਹਿਲਾਂ ਉਸ ਨੂੰ ਬਤੌਰ ਮੁੱਖ ਅਦਾਕਾਰ ਲੈ ਕੇ ਕਾਮੇਡੀਅਨ ਮਿਹਰ ਮਿੱਤਲ ਨੇ ਆਪਣੇ ਮਸ਼ਹੂਰ ਨਾਟਕ ਲਾਡਲਾ ’ਤੇ ਆਧਾਰਿਤ ਫਿਲਮ ‘ਮਾਂ ਦਾ ਲਾਡਲਾ’ ਦਾ ਨਿਰਮਾਣ ਕਰ ਕੇ ਉਸ ਨੂੰ ਆਪਣੇ ਬੈਨਰ ਐੱਮ.ਐੱਮ. ਫਿਲਮਜ਼ ਪ੍ਰਾਈਵੇਟ ਲਿਮਟਿਡ, ਬੰਬੇ ਦੇ ਬੈਨਰ ਹੇਠ 6 ਅਪਰੈਲ 1973 ਨੂੰ ਰਿਲੀਜ਼ ਕਰ ਦਿੱਤਾ ਜਿਸ ਨੂੰ ਸਿਨੇ ਪ੍ਰੇਮੀਆਂ ਦਾ ਅਥਾਹ ਪਿਆਰ ਮਿਲਿਆ। ਇਹ ਫਿਲਮ ਵਿਜੈ ਟੰਡਨ ਦੇ ਫਿਲਮੀ ਕਰੀਅਰ ਦੀ ਪਹਿਲੀ ਫਿਲਮ ਦੇ ਤੌਰ ’ਤੇ ਜਾਣੀ ਜਾਂਦੀ ਹੈ। ਪੰਜਾਬੀ ਸਿਨੇਮਾ ਵਿੱਚ ਉਸ ਦਾ ਫਿਲਮੀ ਸਫ਼ਰ ਸ਼ਾਨਦਾਰ ਰਿਹਾ। ਉਸ ਨੇ ਪੰਜਾਬੀ ਫਿਲਮਾਂ ਵਿੱਚ ਹੀਰੋ ਦੇ ਨਾਲ ਨਾਲ ਖ਼ਲਨਾਇਕ ਦੇ ਕਿਰਦਾਰ ਵੀ ਅਦਾ ਕੀਤੇ। ਉਸ ਦਾ ਪੰਜਾਬੀ ਫਿਲਮਾਂ ਵਿੱਚ 1973 ਤੋਂ ਸ਼ੁਰੂ ਹੋਇਆ ਸਫ਼ਰ ਅੱਜ ਵੀ ਨਿਰੰਤਰ ਜਾਰੀ ਹੈ।
ਉਸ ਦੀਆਂ ਕੁੱਝ ਮਸ਼ਹੂਰ ਫਿਲਮਾਂ ਵਿੱਚ ‘ਮਿੱਤਰ ਪਿਆਰੇ ਨੂੰ’ (1975), ‘ਤੇਰੀ ਮੇਰੀ ਇੱਕ ਜਿੰਦੜੀ’ (1975), ‘ਸੱਚਾ ਮੇਰਾ ਰੂਪ ਹੈ’ (1976), ‘ਸਵਾ ਲਾਖ ਸੇ ਏਕ ਲੜਾਊਂ’ (1976), ‘ਟਾਕਰਾ’ (1976), ‘ਸ਼ਹੀਦ ਊਧਮ ਸਿੰਘ’ (1977), ‘ਵੰਗਾਰ’ (1977), ‘ਯਮਲਾ ਜੱਟ’ (1977), ‘ਕਚਹਿਰੀ’ (1993), ‘ਜੱਟ ਐਂਡ ਜੂਲੀਅਟ-2’ (2013), ‘ਮਿਸਟਰ ਐਂਡ ਮਿਸਿਜ਼ 420’ (2014), ‘ਲੌਂਗ ਲਾਚੀ’ (2018), ‘ਅਫ਼ਸਰ’ (2018), ‘ਅਸੀਸ’ (2018), ‘ਗੋਲਕ ਬੈਂਕ ਤੇ ਬਟੂਆ’ (2018), ‘ਰੱਬ ਦਾ ਰੇਡੀਓ-2’ (2019) ਆਦਿ ਪ੍ਰਮੁੱਖ ਹਨ।
ਅਦਾਕਾਰੀ ਤੋਂ ਇਲਾਵਾ ਉਸ ਨੇ ਆਪਣੀ ਪੰਜਾਬੀ ਫਿਲਮ ‘ਕਚਹਿਰੀ’ ਦੇ ਸੰਵਾਦ ਵੀ ਲਿਖੇ ਹਨ। ਇਸ ਫਿਲਮ ’ਚ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਤੇ ਗੁਰਦਾਸ ਮਾਨ ਮੁੱਖ ਭੂਮਿਕਾ ’ਚ ਸਨ ਤੇ ਇਸ ਫਿਲਮ ਨੂੰ 1994 ’ਚ ‘ਬੈਸਟ ਫੀਚਰ ਫਿਲਮ’ ਦਾ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ। ਉਸ ਨੇ ਪ੍ਰਸਿੱਧ ਬੌਲੀਵੁੱਡ ਫਿਲਮ ‘ਸਰਹੱਦ ਪਾਰ’ ਦੀ ਕਹਾਣੀ ਲਿਖੀ, ਜਿਸ ਵਿੱਚ ਅਦਾਕਾਰ ਸੰਜੇ ਦੱਤ, ਤੱਬੂ, ਮਹਿਮਾ ਚੌਧਰੀ, ਚੰਦਰਚੂਹੜ ਸਿੰਘ ਵਰਗੇ ਅਦਾਕਾਰਾਂ ਨੇ ਅਦਾਕਾਰੀ ਕੀਤੀ। ਉਸ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਕਈ ਪੰਜਾਬੀ ਫਿਲਮਾਂ ਦੇ ਸੰਵਾਦ ਅਤੇ ਸਕਰਿਪਟ ਵੀ ਲਿਖੀ। ਵਿਜੈ ਨੇ ਫਿਲਮਾਂ ਵਿੱਚ ਅਦਾਕਾਰੀ ਅਤੇ ਲੇਖਣੀ ਦੇ ਨਾਲ ਨਾਲ ਦੇਸ਼ਾਂ, ਵਿਦੇਸ਼ਾਂ ’ਚ ਸਟੇਜ ਸ਼ੋਅ ਅਤੇ ਨਾਟਕ ਕਰਨੇ ਵੀ ਜਾਰੀ ਰੱਖੇ। ਇਸ ਤੋਂ ਬਾਅਦ ਉਸ ਨੇ 15 ਦੇ ਕਰੀਬ ਟੀਵੀ ਲੜੀਵਾਰਾਂ ਵਿੱਚ ਕੰਮ ਵੀ ਕੀਤਾ, ਜਿਨ੍ਹਾਂ ’ਚ ਪ੍ਰਸਿੱਧ ਲੜੀਵਾਰ ‘ਦੋ ਅਕਾਲਗੜ੍ਹ’, ‘ਸਰਹਿੰਦ’, ‘ਰਾਣੋ’, ‘ਆਪਣੀ ਮਿੱਟੀ’, ‘ਮਨ ਜੀਤੈ ਜਗੁ ਜੀਤ’ ਤੇ ਹਿੰਦੀ ਨਾਟਕ ‘ਬੁਨਿਆਦ’, ‘ਤਾਰ’ ਤੇ ‘ਦਾਦਾ ਦਾਦੀ ਕੀ ਕਹਾਨੀਆਂ’ ਸ਼ਾਮਲ ਹਨ।
ਵਿਜੈ ਟੰਡਨ ਦਾ ਵਿਆਹ ਸੁਨੀਤਾ ਟੰਡਨ ਨਾਲ ਹੋਇਆ ਅਤੇ ਇਨ੍ਹਾਂ ਦੇ ਤਿੰਨ ਬੱਚੇ ਹਨ ਇੱਕ ਪੁੱਤਰ ਤੇ ਦੋ ਧੀਆਂ। ਉਸ ਦੇ ਬੱਚੇ ਵੀ ਅਦਾਕਾਰੀ ਦਾ ਸ਼ੌਕ ਰੱਖਦੇ ਹਨ। ਉਨ੍ਹਾਂ ਦੀ ਬੇਟੀ ਪੂਜਾ ਟੰਡਨ ਨੇ ਅਦਾਕਾਰ ਦਿਲਜੀਤ ਦੁਸਾਂਝ ਦੀ ਪਹਿਲੀ ਫਿਲਮ ‘ਦਿ ਲਾਇਨ ਆਫ ਪੰਜਾਬ’ ਵਿੱਚ ਦਿਲਜੀਤ ਦੁਸਾਂਝ ਨਾਲ ਬਤੌਰ ਮੁੱਖ ਅਦਾਕਾਰਾ ਪੰਜਾਬੀ ਫਿਲਮੀ ਇੰਡਸਟਰੀ ਵਿੱਚ ਕਦਮ ਰੱਖਿਆ ਸੀ।
ਜੇਕਰ ਉਸ ਦੇ 50 ਸਾਲ ਤੋਂ ਵੱਧ ਸਮੇਂ ਦੇ ਫਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ 70ਵਿਆਂ ਦੇ ਦਹਾਕੇ ਦੇ ਫਿਲਮੀ ਕਲਾਕਾਰਾਂ ਤੋਂ ਲੈ ਕੇ ਹੁਣ ਤੱਕ ਨਵੀਂ ਪੀੜ੍ਹੀ ਦੇ ਹਰ ਫਿਲਮੀ ਕਲਾਕਾਰ ਨਾਲ ਉਸ ਨੂੰ ਕੰਮ ਕਰਨ ਦਾ ਲੰਬਾ ਤਜਰਬਾ ਹੈ। ਉਹ ਪੰਜਾਬੀ ਸਿਨੇਮਾ ਦਾ ਅੱਧੀ ਸਦੀ ਦਾ ਇਤਿਹਾਸ ਹੈ ਜਿਸ ਦੇ ਤਜਰਬੇ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ।
ਸੰਪਰਕ: 94646-28857

Advertisement

Advertisement