ਭੇਤ-ਭਰੀ ਹਾਲਾਤ ’ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ
ਇੱਥੋਂ ਦੀ ਮਗਰਾਲਾ ਰੋਡ ਅਤੇ ਅਵਾਂਖਾ ਇਲਾਕੇ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਭੇਤ-ਭਰੀ ਹਾਲਤ ਵਿੱਚ ਮਿਲੀਆਂ। ਮਗਰਾਲਾ ਰੋਡ ’ਤੇ ਸਥਿਤ ਇੱਕ ਬਾਜ਼ਾਰ ਵਿੱਚ ਸਵੇਰ ਸਮੇਂ ਇੱਕ ਨੌਜਵਾਨ ਦੀ ਲਾਸ਼ ਦੇਖੇ ਜਾਣ ’ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲਿਆ। ਦੀਨਾਨਗਰ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਿਕਾਸ ਖੋਖਰ (40) ਪੁੱਤਰ ਸੁਰਜੀਤ ਖੋਖਰ ਵਾਸੀ ਪਰਮਾਨੰਦ ਵਜੋਂ ਹੋਈ ਹੈ। ਵਿਕਾਸ ਪਲੰਬਰ ਦਾ ਕੰਮ ਕਰਦਾ ਸੀ ਅਤੇ ਇਸ ਤੋਂ ਬਾਅਦ ਉਹ ਕੰਮ ਲਈ ਲੁਧਿਆਣਾ ਅਤੇ ਵਿਦੇਸ਼ ਵੀ ਗਿਆ ਸੀ। ਪਰਿਵਾਰਕ ਮੈਂਬਰ ਮੰਗਲਵਾਰ ਸਵੇਰ ਤੋਂ ਹੀ ਉਸ ਦੀ ਭਾਲ ਕਰ ਰਹੇ ਸਨ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਸੇ ਤਰ੍ਹਾਂ ਨਸ਼ਿਆਂ ਕਾਰਨ ਬਦਨਾਮ ਪਿੰਡ ਅਵਾਂਖਾ ਵਿੱਚ ਅੱਜ ਇੱਕ ਹੋਰ ਵਿਅਕਤੀ ਦੀ ਨਾਲੇ ਵਿੱਚ ਡਿੱਗੀ ਲਾਸ਼ ਮਿਲੀ, ਜਿਸ ਦੀ ਪਛਾਣ ਨਹੀਂ ਹੋ ਪਾਈ।
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਪਿੰਡ ਨੇੜਿਓਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਤੋਂ ਬਾਅਦ ਪੈਟਰੋਲ ਪੰਪ ’ਤੇ ਤੇਲ ਪਵਾਉਣ ਆਏ ਨੌਜਵਾਨ ਦੀ ਪੰਪ ਦੇ ਬਾਥਰੂਮ ਵਿੱਚ ਹੀ ਨਸ਼ੀਲਾ ਟੀਕਾ ਲਗਾਉਂਦਿਆਂ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਬੀਤੇ ਦਿਨ ਦੀਨਾਨਗਰ ਦੇ ਪ੍ਰਮੁੱਖ ਸ਼ਹਿਨਾਈ ਪੈਲੇਸ ਦੇ ਨਜ਼ਦੀਕ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੇ ਕਰੀਬ ਇੱਕ ਸਰਿੰਜ ਪਈ ਹੋਈ ਸੀ ਤੇ ਹੁਣ ਸਵੇਰੇ ਜਦੋਂ ਬੱਚੇ ਸਕੂਲ ਜਾ ਰਹੇ ਸਨ ਤਾਂ ਇੱਕ ਨੌਜਵਾਨ ਦੀ ਨਾਲੇ ਵਿੱਚ ਪਈ ਲਾਸ਼ ਨਜ਼ਰ ਆਈ ਹੈ। ਥਾਣਾ ਮੁਖੀ ਨੇ ਕਿਹਾ ਕਿ ਮੌਤਾਂ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗ ਸਕੇਗਾ।