ਭੇਤਭਰੀ ਹਾਲਤ ਵਿੱਚ ਨੌਜਵਾਨ ਦੀ ਲਾਸ਼ ਮਿਲੀ
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 8 ਮਈ
ਇੱਥੋਂ ਨਜ਼ਦੀਕੀ ਪਿੰਡ ਪਾਹੜਾ ਦੇ ਖੇਤਾਂ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਸ਼ੁਭਮ (25) ਪੁੱਤਰ ਸੁਭਾਸ਼ ਵਾਸੀ ਪਿੰਡ ਪਾਹੜਾ ਵਜੋਂ ਹੋਈ ਹੈ। ਮ੍ਰਿਤਕ ਦੇ ਵਾਰਸਾਂ ਦਾ ਦੋਸ਼ ਹੈ ਕਿ ਸ਼ੁਭਮ ਦੇ ਕਿਸੇ ਸ਼ਾਦੀਸ਼ੁਦਾ ਔਰਤ ਨਾਲ ਪ੍ਰੇਮ ਸਬੰਧ ਸਨ ਜਿਸ ਦੇ ਚਲਦਿਆਂ ਕਥਿਤ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਹੱਤਿਆ ਕੀਤੀ ਹੈ। ਸ਼ੁਭਮ ਦੀ ਮਾਂ ਵੀਨਾ ਨੇ ਦੱਸਿਆ ਕਿ ਉਸ ਦੇ ਲੜਕੇ ਦੇ ਪਿੰਡ ਦੀ ਲੜਕੀ ਨਾਲ ਪ੍ਰੇਮ ਸਬੰਧ ਸਨ ਜਿਸ ਦੇ ਚੱਲਦਿਆਂ ਕਈ ਵਾਰ ਪਰਿਵਾਰਾਂ ਦੇ ਝਗੜੇ ਵੀ ਹੁੰਦੇ ਰਹੇ। ਲੜਕੀ ਦੇ ਪਰਿਵਾਰ ਵਾਲਿਆਂ ਉਸ ਦਾ ਵਿਆਹ ਕਿਤੇ ਹੋਰ ਕਰ ਦਿੱਤਾ। ਵੀਨਾ ਅਨੁਸਾਰ ਸ਼ੁਭਮ ਤੇ ਉਸ ਲੜਕੀ ਦੇ ਅਜੇ ਵੀ ਸਬੰਧ ਸਨ। ਕੁਝ ਦਿਨ ਪਹਿਲਾਂ ਵੀ ਦੋਵਾਂ ਪਰਿਵਾਰਾਂ ਵਿੱਚ ਮੁੜ ਝਗੜਾ ਹੋਇਆ ਤੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਆਉਣ ਮਗਰੋਂ ਐਤਵਾਰ ਨੂੰ ਦੋਵਾਂ ਧਿਰਾਂ ਦਰਮਿਆਨ ਰਾਜ਼ੀਨਾਵਾਂ ਹੋ ਗਿਆ ਸੀ। ਐਤਵਾਰ ਨੂੰ ਰਾਤ 8 ਵਜੇ ਦੇ ਕਰੀਬ ਲੜਕੀ ਦਾ ਭਰਾ ਸ਼ੁਭਮ ਨੂੰ ਆਪਣੇ ਨਾਲ ਕਿਤੇ ਲੈ ਗਿਆ। ਜਦੋਂ ਸ਼ੁਭਮ ਘਰ ਨਹੀਂ ਪਰਤਿਆ ਤੇ ਉਸ ਨੇ ਫੋਨ ਕਰਨ ‘ਤੇ ਫੋਨ ਨਹੀਂ ਚੁੱਕਿਆ। ਸੋਮਵਾਰ ਸਵੇਰੇ ਸ਼ੁਭਮ ਦੇ ਦੋਸਤ ਨੇ ਦੱਸਿਆ ਕਿ ਸ਼ੁਭਮ ਦੀ ਲਾਸ਼ ਪਿੰਡ ਗੋਹਤ ਪੋਖਰ ਨੂੰ ਜਾਣ ਵਾਲੇ ਰਸਤੇ ਦੇ ਖੇਤਾਂ ਵਿੱਚ ਪਈ ਹੈ।
ਤਿੱਬੜ ਥਾਣਾ ਮੁਖੀ ਅਮਨਦੀਪ ਕੌਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।