ਕਿਸਾਨਾਂ ਵੱਲੋਂ ਆੜ੍ਹਤੀਆਂ ਖ਼ਿਲਾਫ਼ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ
ਤਰਨ ਤਾਰਨ, 9 ਅਪਰੈਲ
ਜਮਹੂਰੀ ਕਿਸਾਨ ਸਭਾ ਨੇ ਝੋਨੇ ਦੇ ਸੀਜ਼ਨ ਦੌਰਾਨ ਲਿਫਟਿੰਗ ਦੇ ਨਾਂ ’ਤੇ ਕਿਸਾਨਾਂ ਦੇ ਸਾਮੂਹਿਕ ਤੌਰ ਉੱਤੇ ਕੱਟੇ ਪੈਸਿਆਂ ਨੂੰ ਪ੍ਰਸ਼ਾਸਨ ਵੱਲੋਂ ਵਾਪਸ ਦਿਵਾਉਣ ’ਚ ਅਸਫ਼ਲ ਰਹਿਣ ’ਤੇ ਅੱਜ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਸਾਹਮਣੇ ਅਣਮਿਥੇ ਸਮੇਂ ਦੀ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਇਸ ਮੌਕੇ ਜਥੇਬੰਦੀ ਵੱਲੋਂ ਇਕ ਰੈਲੀ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਕਿਸਾਨਾਂ ਨੇ ਹਿੱਸਾ ਲਿਆ।
ਧਰਨਾਕਾਰੀਆਂ ਦੀ ਅਗਵਾਈ ਕਿਸਾਨ ਆਗੂ ਅਤੇ ਸਹਿਯੋਗੀ ਜਥੇਬੰਦੀਆਂ ਦੇ ਆਗੂ ਰੇਸ਼ਮ ਸਿੰਘ ਫੇਲੋਕੇ, ਮਾਸਟਰ ਹਰਭਜਨ ਸਿੰਘ ਚੂਸਲੇਵੜ, ਸਰਿੰਦਰ ਸਿੰਘ ਖੱਬੇ, ਨਰਿੰਦਰ ਕੌਰ ਪੱਟੀ ਅਤੇ ਕੁਲਦੀਪ ਸਿੰਘ ਉਸਮਾ ਨੇ ਕੀਤੀ। ਜਥੇਬੰਦੀ ਦੇ ਸੂਬਾ ਆਗੂ ਮੁਖਤਾਰ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰਾ, ਅੰਮ੍ਰਿਤਪਾਲ ਸਿੰਘ ਚੀਮਾ, ਹਰਭਜਨ ਸਿੰਘ ਚੀਮਾ, ਜਗੀਰ ਸਿੰਘ ਗੰਡੀਵਿੰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਸਰਕਾਰ ਵੱਲੋਂ ਇਕ ਸਾਜ਼ਿਸ਼ ਤਹਿਤ ਝੋਨੇ ਦੀ ਲਿਫਟਿੰਗ ਵਿੱਚ ਬੇਲੋੜੀ ਦੇਰੀ ਸ਼ੁਰੂ ਕਰ ਦਿੱਤੀ ਗਈ, ਜਿਸ ਦੀ ਆੜ ਵਿੱਚ ਕੁਝ ਆੜ੍ਹਤੀਆਂ ਨੇ ਫ਼ਸਲ ਦੀ ਖ਼ਰੀਦ ਦਾ ਭੁਗਤਾਨ ਕਰਨ ਮੌਕੇ ਕਿਸਾਨਾਂ ਤੋਂ ਮੋਟੇ ਪੈਸਿਆਂ ਦੀ ਕਟੌਤੀ ਕੀਤੀ।
ਕਿਸਾਨਾਂ ਦੇ ਲਗਾਤਾਰ ਰੋਸ ਜਤਾਉਣ ’ਤੇ ਜ਼ਿਲ੍ਹਾ ਅਧਿਕਾਰੀਆਂ ਨੇ ਕਿਸਾਨਾਂ ਦੇ ਕੱਟੇ ਪੈਸੇ ਵਾਪਸ ਦਿਲਵਾਉਣ ਦਾ ਭਰੋਸਾ ਦਿੱਤਾ ਸੀ। ਆਗੂਆਂ ਨੇ ਕਿਹਾ ਕਿ ਜਥੇਬੰਦੀ ਨੂੰ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਨੇ ਤਸਦੀਕਸ਼ੁਦਾ ਹਲਫੀਆ ਬਿਆਨ ਦੇ ਕੇ ਕਿਸਾਨਾਂ ਦੀ ਕਟੌਤੀ ਕਰਨ ਵਾਲੇ ਆੜ੍ਹਤੀਆਂ ਦੀ ਸ਼ਨਾਖਤ ਦੱਸੀ ਹੈ। ਇਸ ਮੰਗ ਦੀ ਪੂਰਤੀ ਲਈ ਲੜੀਵਾਰ ਭੁੱਖ ਹੜਤਾਲ ਦੇ ਅੱਜ ਪਹਿਲੇ ਦਿਨ 11 ਕਿਸਾਨਾਂ ਦਾ ਜਥਾ ਭੁੱਖ ਹੜਤਾਲ ’ਤੇ ਬੈਠਾ। ਜਥੇਬੰਦੀ ਨੇ ਮੰਗਾਂ ਮੰਨੇ ਜਾਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ।