ਤਿੰਨ ਖਿਡਾਰੀਆਂ ਦੀ ਸੁਰਜੀਤ ਹਾਕੀ ਅਕੈਡਮੀ ’ਚ ਚੋਣ
ਧਾਰੀਵਾਲ, 9 ਅਪਰੈਲ
ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ ਦੀ ਮੈਨੇਜਮੈਂਟ ਦੇ ਪ੍ਰਬੰਧ ਅਧੀਨ ਚੱਲ ਰਹੀ ਰਾਣਾ ਸਵਰਾਜ ਹਾਕੀ ਅਕੈਡਮੀ (ਲੇਹਲ) ਧਾਰੀਵਾਲ ਦੇ ਤਿੰਨ ਹਾਕੀ ਖਿਡਾਰੀਆਂ ਦੀ ਅੰਡਰ-14 ਗਰੁੱਪ ਉਮਰ ਵਿੱਚ ਭਾਰਤ ਦੀ ਨਾਮਵਾਰ ਸੁਰਜੀਤ ਹਾਕੀ ਅਕੈਡਮੀ ਜਲੰਧਰ ਲਈ ਚੋਣ ਹੋਈ ਹੈ। ਇਸ ਸਬੰਧੀ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਦੇ ਚੇਅਰਮੈਨ ਡਾ.ਸਰਬਜੀਤ ਸਿੰਘ ਛੀਨਾ ਅਤੇ ਪ੍ਰਿੰਸੀਪਲ ਜਤਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ ਹਾਕੀ ਖਿਡਾਰੀ ਸੁਖਮਨਜੋਤ ਸਿੰਘ ਪਿੰਡ ਡੇਹਰੀਵਾਲ ਦਰੋਗਾ, ਗੁਰਵੰਸ਼ ਸਿੰਘ ਪਿੰਡ ਤੰਗੋਸ਼ਾਹ ਅਤੇ ਅਰਮਾਨਦੀਪ ਸਿੰਘ ਪਿੰਡ ਠੀਕਰੀਵਾਲ ਦੀ ਚੋਣ ਅੰਡਰ-14 ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਲਈ ਹੋਈ ਹੈ।
ਉਨ੍ਹਾਂ ਦੱਸਿਆ ਰਾਣਾ ਸਵਰਾਜ ਹਾਕੀ ਅਕੈਡਮੀ ਲੇਹਲ ਧਾਰੀਵਾਲ ਵਿੱਚ ਤਜ਼ਰਬੇਕਾਰ ਕੋਚ ਬਲਕਾਰ ਸਿੰਘ ਤੇ ਅਮਿਤ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਹਾਕੀ ਦੀ ਵਧੀਆ ਸਿਖਲਾਈ ਦੇਣ ਸਦਕਾ ਪਿਛਲੇ ਸਾਲ ਵੀ ਅਕੈਡਮੀ ਦੇ 10 ਖਿਡਾਰੀਆਂ ਦੀ ਚੋਣ ਭਾਰਤ ਦੀਆਂ ਨਾਮਵਰ ਹਾਕੀ ਅਕੈਡਮੀਆਂ ਵਿੱਚ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਹਾਕੀ ਅਕੈਡਮੀ ਦੇ ਕੋਚਾਂ ਵੱਲੋਂ ਕਰਵਾਈ ਜਾ ਰਹੀ ਸਖ਼ਤ ਮਿਹਨਤ ਸਦਕਾ ਵਿਦਿਆਰਥੀਆਂ ਨੇ ਵੱਡੀਆਂ ਪ੍ਰਾਪਤੀ ਹਾਸਲ ਕਰਕੇ ਧਾਰੀਵਾਲ ਇਲਾਕੇ ਦਾ ਨਾਂ ਪੂਰੇ ਦੇਸ ਅੰਦਰ ਰੋਸ਼ਨ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ। ਇਸ ਮੌਕੇ ਚੇਅਰਮੈਨ ਡਾ. ਸਰਬਜੀਤ ਸਿੰਘ ਛੀਨਾ, ਪ੍ਰਿੰਸੀਪਲ ਜਤਿੰਦਰ ਕੌਰ ਸੋਹਲ ਨੇ ਕੋਚ ਬਲਕਾਰ ਸਿੰਘ ਤੇ ਅਮਿਤ ਸ਼ਰਮਾ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਹੈ ਅਤੇ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।