ਭਾਰਤੀ ਯੋਗ ਸੰਸਥਾਨ ਦਾ ਸਥਾਪਨਾ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਪਰੈਲ
ਭਾਰਤੀ ਯੋਗ ਸੰਸਥਾਨ ਦਾ 59ਵਾਂ ਸਥਾਪਨਾ ਦਿਵਸ ਸ੍ਰੀ ਮਹਾਂਕਾਲੀ ਦੇਵੀ ਮੰਦਿਰ ਹਾਲ ਵਿੱਚ ਮਨਾਇਆ ਗਿਆ ਜਿਸ ਵਿੱਚ ਮੰਦਿਰ ਕਮੇਟੀ ਦੇ ਪ੍ਰਧਾਨ ਚਾਂਦ ਮਘਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਯੋਗ ਪ੍ਰੇਮੀਆਂ ਨੇ ਸਮਾਗਮ ਵਿਚ ਭਰਵੀਂ ਸ਼ਮੂਲੀਅਤ ਕੀਤੀ।
ਇਸ ਸਬੰਧੀ ਭਾਰਤੀ ਯੋਗ ਸੰਸਥਾਨ ਸੰਗਰੂਰ ਦੇ ਮੀਡੀਆ ਇੰਚਾਰਜ ਪਵਨ ਕੁਮਾਰ ਰਿਟਾਇਰਡ ਮੁੱਖ ਅਧਿਆਪਕ ਨੇ ਦੱਸਿਆ ਕਿ 10 ਅਪਰੈਲ 1967 ਨੂੰ ਦਿੱਲੀ ਵਿੱਚ ਪਹਿਲੀ ਕਲਾਸ ਪ੍ਰਕਾਸ਼ ਲਾਲ ਅਤੇ ਜਵਾਹਰ ਲਾਲ ਨੇ ਸ਼ੁਰੂ ਕੀਤੀ ਸੀ ਤੇ ਅੱਜ ਯੋਗ ਦਾ ਬੂਟਾ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਵਿਚ ਕਰੀਬ 3936 ਕਲਾਸਾਂ ਲੱਗਦੀਆਂ ਹਨ ਜਦਕਿ ਵੱਖ-ਵੱਖ ਮੁਲਕਾਂ ’ਚ ਵੀ ਯੋਗ ਕਲਾਸਾਂ ਰਾਹੀਂ ਲੋਕ ਤੰਦਰੁਸਤ ਜੀਵਨ ਬਤੀਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਸੰਸਥਾ ਵਲੋਂ ਕੋਈ ਚੰਦਾ ਨਹੀਂ ਲਿਆ ਜਾਂਦਾ ਅਤੇ ਨਾ ਹੀ ਰਾਜਨੀਤੀ ਜਾਂ ਕਿਸੇ ਧਰਮ ਨਾਲ ਸਬੰਧਤ ਹੈ। ਸੰਸਥਾ ਦੇ ਲੋਕ ਸ਼ੌਕ ਨਾਲ ਹੀ ਯੋਗ ਕਰਵਾ ਕੇ ਲੋਕਾਂ ਨੂੰ ਤੰਦਰੁਸਤੀ ਪ੍ਰਦਾਨ ਕਰ ਰਹੇ ਹਨ। ਸੰਗਰੂਰ ’ਚ ਸ੍ਰੀ ਰਾਜ ਕੁਮਾਰ ਜਿੰਦਲ ਅਤੇ ਰਮੇਸ਼ ਕੁਮਾਰ ਦੀ ਅਗਵਾਈ ਹੇਠ ਰੋਜ਼ਾਨਾ ਯੋਗ ਕਲਾਸਾਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਸਾਦਾ ਪਹਿਰਾਵਾ ਅਤੇ ਸਾਦਾ ਰਹਿਣ-ਸਹਿਣ ਹੀ ਤੰਦਰੁਸਤੀ ਦਾ ਰਾਜ ਹੈ। ਉਨ੍ਹਾਂ ਲੋਕਾਂ ਨੂੰ ਛੋਟੇ ਬੱਚਿਆਂ ਨੂੰ ਯੋਗ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸ੍ਰੀ ਸੁਰਿੰਦਰ ਮਿੱਤਲ, ਮਿੱਤਲ ਟਰੇਡਰਜ਼ ਵਾਲਿਆਂ ਦਾ ਸੰਸਥਾਨ ਵਲੋਂ ਛਪਣ ਸਮੱਗਰੀ ਦੀ ਮੁਫ਼ਤ ਸੇਵਾ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਸ਼ੋਤਮ, ਰਵਿੰਦਰ, ਪਵਨ ਕੁਮਾਰ, ਨੀਲਮ ਰਜੌਰੀਆ, ਮੈਡਮ ਨੀਨਾ, ਕਿਰਨ ਤੇ ਸ਼ਹਿਰ ਦੀਆਂ ਕਈ ਸ਼ਖ਼ਸੀਅਤਾਂ ਸ਼ਾਮਲ ਸਨ।