ਭਾਜਪਾ ਵੱਲੋਂ ਨਿਗਮ ਚੋਣਾਂ ਲਈ ਲਾਮਬੰਦੀ
ਪੱਤਰ ਪ੍ਰੇਰਕ
ਰਾਜਪੁਰਾ, 6 ਫਰਵਰੀ
ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਾਰਟੀ ਦੇ ਜਿਲ੍ਹਾ ਪ੍ਰਧਾਨ ਉੱਤਰੀ ਸੁਰਜੀਤ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਅਬਜਰਵਰ ਜੈਸਮੀਨ ਸੰਧਾਵਾਲੀਆ, ਪਰਦੀਪ ਨੰਦਾ, ਸੰਦੀਪ ਜਿੰਦਲ, ਗਿਆਨੀ ਭੁਪਿੰਦਰ ਸਿੰਘ ਗੋਲੂ, ਜਗਦੀਸ਼ ਕੁਮਾਰ ਜੱਗਾ, ਨਰਿੰਦਰ ਨਾਗਪਾਲ ਨੇ ਭਾਗ ਲਿਆ। ਮੀਟਿੰਗ ਦੌਰਾਨ ਪਾਰਟੀ ਦੇ ਸੂਬਾ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਲੋਕ ਸਭਾ ਚੋਣਾਂ 2024, ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੀ ਤਿਆਰੀ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਬੁਲਾਰਿਆਂ ਨੇ ਪਾਰਟੀ ਦੇ ਜ਼ਿਲ੍ਹਾ ਆਗੂਆਂ ਤੇ ਵਰਕਰਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਦਾ ਸੁਨੇਹਾ ਦਿੱਤਾ। ਹਲਕਾ, ਮੰਡਲ ਇੰਚਾਰਜਾਂ ਨੂੰ ਮੰਡਲ ਦੀਆਂ ਟੀਮਾਂ ਅਤੇ ਬੂਥਾਂ ਦੀਆਂ ਟੀਮਾਂ ਜਲਦੀ ਮੁਕੰਮਲ ਕਰਨ ਲਈ ਆਖਿਆ ਗਿਆ। ਵਿਕਰਮਜੀਤ ਸਿੰਘ ਚੀਮਾ ਨੇ ‘ਆਪ’ ਸਰਕਾਰ ਦਾ ਘਿਰਾਓ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ। ਇੱਥੋਂ ਦੀ ਇੰਡਸਟਰੀ ਹੋਰਨਾਂ ਸੂਬਿਆਂ ਵੱਲ ਜਾ ਰਹੀ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਤੋਂ ਭੱਜ ਗਈ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਭਾਜਪਾ ਨਾਲ ਜੋੜਿਆ ਜਾਵੇ।