ਆਕਾਸ਼ਵਾਣੀ ਦਾ ਸਥਾਪਨਾ ਦਿਵਸ ਮਨਾਇਆ
ਆਕਾਸ਼ਵਾਣੀ ਪਟਿਆਲਾ ਦਾ 34ਵਾਂ ਸਥਾਪਨਾ ਦਿਵਸ ਮਨਾਇਆ। ਪਹਿਲੀ ਮਈ 1992 ਨੂੰ ਅੱਜ ਦੇ ਹੀ ਦਿਨ ਪਹਿਲੀ ਵਾਰ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਣ ਹੋਇਆ ਸੀ। ਐੱਮਐੱਲ ਮਨਚੰਦਾ ਆਕਾਸ਼ਵਾਣੀ ਪਟਿਆਲਾ ਦੇ ਪਹਿਲੇ ਸਟੇਸ਼ਨ ਇੰਜਨੀਅਰ ਸਨ, ਜਿਨ੍ਹਾਂ ਨੇ ਅਤਿਵਾਦ ਦੇ ਦੌਰ ’ਚ ਆਕਾਸ਼ਵਾਣੀ ਪਟਿਆਲਾ ਦੀ ਵਾਗਡੋਰ ਸੰਭਾਲੀ ਤੇ ਆਪਣੀ ਜ਼ਿੰਦਗੀ ਆਕਾਸ਼ਵਾਣੀ ਤੋਂ ਕੁਰਬਾਨ ਕਰ ਦਿੱਤੀ। ਆਕਾਸ਼ਵਾਣੀ ਦੇ ਡੀਡੀਈ ਇੰਜਨੀਅਰਿੰਗ ਵਿਭਾਗ ਦੇ ਮੁਖੀ ਅਮਰ ਨਾਥ, ਪ੍ਰੋਗਰਾਮ ਮੁਖੀ ਸ਼ਹਿਨਾਜ਼ ਜੌਲੀ ਕੌੜਾ, ਪ੍ਰੋਗਰਾਮ ਅਫ਼ਸਰ ਸ਼ੁਕੀਨ ਮੁਹੰਮਦ ਤੇ ਮਹਿੰਦਰ ਮੋਹਨ ਸ਼ਰਮਾ ਨੇ ਦੱਸਿਆ 1 ਮਈ 1992 ਨੂੰ ਪਹਿਲੀ ਵਾਰ ਸ਼ਾਮ 3 ਵਜੇ ਤੋਂ ਰਾਤ ਸਵਾ ਨੌਂ ਵਜੇ ਤੱਕ ਪ੍ਰਸਾਰਣ ਹੋਇਆ। ਉਨ੍ਹਾਂ ਕਿਹਾ ਕਿ ਉਸ ਦਿਨ ਤੋਂ ਲਗਾਤਾਰ ਆਕਾਸ਼ਵਾਣੀ ਪਟਿਆਲਾ ਦੀ ਸਾਰੀ ਟੀਮ ਸਰੋਤਿਆਂ ਤੱਕ ਜਾਣਕਾਰੀ ਅਤੇ ਮਨੋਰੰਜਨ ਦੇ ਪ੍ਰੋਗਰਾਮ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਲਈ ਔਰਤਾਂ ਲਈ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਪੇਸ਼ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਕਿਸਾਨ ਵੀਰਾਂ ਤੇ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਕਾਸ਼ਵਾਣੀ ਪੁਆਧੀ ਉਪ ਬੋਲੀ ਵਿੱਚ ਦੋ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ਅਤੇ ਇਸੇ ਤਰ੍ਹਾਂ ਪ੍ਰੋਗਰਾਮ ਮਹਿਕ ਮਾਲਵੇ ਦੀ ਤਹਿਤ ਖੇਤਰੀ ਕਲਾਕਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਵੀ ਯਤਨਸ਼ੀਲ ਹੈ।