ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਨੇ ਮਜ਼ਦੂਰ ਦਿਹਾੜਾ ਮਨਾਇਆ
ਪੈਪਸੀਕੋ ਵਰਕਰ ਯੂਨੀਅਨ ਚੰਨੋਂ ਵੱਲੋਂ ਪੈਪਸੀਕੋ ਕੰਪਨੀ ਦੇ ਮੁੱਖ ਗੇਟ ਅੱਗੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਕਾਰਜਕਾਰੀ ਪ੍ਰਧਾਨ ਪੰਜਾਬ ਏਟਕ ਕਾਮਰੇਡ ਸੁਖਦੇਵ ਸ਼ਰਮਾ ਨੇ ਝੰਡੇ ਦੀ ਰਸਮ ਅਦਾ ਕੀਤੀ ਅਤੇ ਮਜ਼ਦੂਰ ਦਿਵਸ ਦੇ ਇਤਹਾਸ ਬਾਰੇ ਜਾਣੂ ਕਰਵਾਇਆ। ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਨਾਭਾ, ਜਨਰਲ ਸਕੱਤਰ ਹਰਿੰਦਰ ਸਿੰਘ ਗੱਜੂ ਮਾਜਰਾ ਨੇ ਵਰਕਰਾਂ ਦੇ ਮਸਲੇ ਹੱਲ ਕਰਵਾਉਣ ਲਈ ਆਪਸੀ ਏਕਤਾ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੀਤ ਪ੍ਰਧਾਨ ਵੀਰ ਦਵਿੰਦਰ ਸਿੰਘ ਗਾਜੇਵਾਸ, ਸਹਾਇਕ ਸੱਕਤਰ ਗੁਰਸੇਵ ਸਿੰਘ ਕੁਲਬੁਰਛਾਂ, ਸਹਾਇਕ ਖਜ਼ਾਨਚੀ ਜਗਮੀਤ ਸਿੰਘ ਮਸਾਣੀ, ਦਫਤਰ ਸਕੱਤਰ ਹਰਦੇਵ ਸਿੰਘ ਮੁਨਸ਼ੀ ਵਾਲਾ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਪੰਜਾਬ ਪੱਲੇਦਾਰ ਦਲ ਵੱਲੋਂ ਰਾਮ ਸਿੰਘ ਮੱਟਰਾਂ ਅਤੇ ਗੁਰਤੇਜ ਸਿੰਘ ਝਨੇੜੀ ਦੀ ਅਗਵਾਈ ਹੇਠ ਮਈ ਦਿਵਸ ਮਨਾਇਆ ਗਿਆ।
ਪਟਿਆਲਾ (ਸਰਬਜੀਤ ਸਿੰਘ ਭੰਗੂ) ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਚੌਥਾ ਦਰਜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਯੂਨੀਅਨ ਦੇ ਜ਼ਿਲ੍ਹਾ ਦਫਤਰ ਨਿਊ ਪਾਵਰ ਹਾਊਸ ਕਲੋਨੀ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਇਕੱਤਰਤਾ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਮਿਲੀ ਭੁਗਤ ਕਰਕੇ ਟਰੇਡ ਯੂਨੀਅਨ ਲਹਿਰ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਰਾਮ ਲਾਲ ਰਾਮਾ, ਸ਼ਿਵ ਚਰਨ, ਪ੍ਰੀਤਮ ਚੰਦ ਤੇ ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਪੱਲੇਦਾਰ ਯੂਨੀਅਨ ਦੇਵੀਗੜ੍ਹ ਵੱਲੋਂ ਪ੍ਰਧਾਨ ਬਲਦੇਵ ਸਿੰਘ ਭੰਬੂਆਂ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਆੜ੍ਹਤੀ ਸਵਰਨ ਸਿੰਘ ਨੇ ਅਦਾ ਕੀਤੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਵੇਦ ਪ੍ਰਕਾਸ਼ ਗਰਗ, ਭੂਪਿੰਦਰ ਸਿੰਘ ਮਸੀਂਗਣ ਸੀਨੀਅਰ ਆਗੂ ਅਕਾਲੀ ਦੱਲ ਵਾਰਿਸ ਪੰਜਾਬ ਹਲਕਾ ਸਨੌਰ, ਗਣੇਸ਼ੀ ਲਾਲ, ਸਿਰੀ ਰਾਮ ਗੁਪਤਾ, ਯਸ਼ਪਾਲ ਸਿੰਗਲਾ, ਗੁਰਮੀਤ ਸਿੰਘ ਭੰਬੂਆਂ, ਰਾਮ ਕੁਮਾਰ, ਜਸਪਾਲ ਸਿੰਘ ਤੇ ਗੁਰਮੇਲ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਸਵਰਨ ਸਿੰਘ ਰਾਣਵਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਨਾਂ ਦੇ ਕੇ ਉਨ੍ਹਾਂ ਦਾ ਹੱਕ ਮਾਰ ਰਹੀਆਂ ਹਨ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਵੱਲੋਂ ਸਕੱਤਰ ਚੰਦਰ ਸ਼ੇਖਰ ਦੀ ਅਗਵਾਈ ਹੇਠ ਸੀਟੂ ਦਫ਼ਤਰ ਸਾਹਮਣੇ, ਟੈਕਨੀਕਲ ਸਰਵਿਸ ਯੂਨੀਅਨ ਪੀਐਸਪੀਸੀਐਲ ਪੰਜਾਬ ਵੱਲੋਂ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਡਿਵੀਜ਼ਨ ਦਫ਼ਤਰ ਮੂਹਰੇ ਅਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਰੀਜ਼ਨ ਪ੍ਰਧਾਨ ਹੰਸ ਰਾਜ ਬਨਵਾੜੀ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਵੱਖ ਵੱਖ ਥਾਈਂ ਕੀਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਾਥੀ ਚੰਦਰ ਸ਼ੇਖਰ, ਹੰਸ ਰਾਜ ਬਨਵਾੜੀ ਅਤੇ ਸੁਖਦੇਵ ਸਿੰਘ ਨੇ ਮਈ 1886 ਵਿੱਚ ਸ਼ਿਕਾਗੋ ਦੇ ਮਜ਼ਦੂਰਾਂ ਨਾਲ ਵਾਪਰੀਆਂ ਘਟਨਾਵਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਸਾਥੀ ਨੈਬ ਸਿੰਘ ਲੋਚਮਾ, ਹਰਿੰਦਰ ਸਿੰਘ ਲਾਖਾ ਸ਼ਹੀਦ ਭਗਤ ਸਿੰਘ ਲੋਕ ਹਿੱਤ ਕਮੇਟੀ ਪ੍ਰਧਾਨ ਪੰਜਾਬ, ਗੁਰਦੀਪ ਸਿੰਘ ਸੈਦਖੇੜੀ, ਵਿਨੋਦ ਕੁਮਾਰ ਅਜਰਾਵਰ, ਸੋਹਣ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ ਤੇ ਰਾਜਵਿੰਦਰ ਕੌਰ ਆਦਿ ਸੰਬੋਧਨ ਕੀਤਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਨਗਰ ਕੌਂਸਲ ਦਫ਼ਤਰ ਵਿੱਚ ਸਫਾਈ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਪਹਿਲੀ ਮਈ ਦਾ ਦਿਹਾੜਾ ਸਾਂਝੇ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਲਾਲ ਝੰਡੇ ਨੂੂੰ ਝੁਲਾਉਣ ਦੀ ਰਸਮ ਮਹਿੰਦਰ ਬਾਗ਼ੀ, ਸੁਖਵਿੰਦਰ ਮੰਗੂ ਅਤੇ ਰਣਜੀਤ ਲਹਿਰਾ ਨੇ ਆਪਣੇ ਸਾਥੀਆਂ ਸਮੇਤ ਨਿਭਾਈ ਅਤੇ ਸ਼ਹੀਦਾਂ ਨੂੂੰ ਸੂਹੀ ਸ਼ਰਧਾਂਜਲੀ ਭੇਜ ਕੀਤੀ। ਇਸ ਤੋਂ ਇੱਕ ਭਰਵੀਂ ਰੈਲੀ ਕੀਤੀ ਗਈ ਜਿਸ ਨੂੂੰ ਏਟਕ ਆਗੂ ਮਹਿੰਦਰ ਬਾਗ਼ੀ, ਲੋਕ ਚੇਤਨਾ ਮੰਚ ਦੇ ਆਗੂ ਰਣਜੀਤ ਲਹਿਰਾ, ਫੀਲਡ ਵਰਕਰਜ਼ ਯੂਨੀਅਨ ਦੇ ਆਗੂ ਕਰਨੈਲ ਸਿੰਘ, ਮੇਜਰ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਬਿਹਾਰੀ ਮੰਡੇਰ, ਸੁਖਜਿੰਦਰ ਲਾਲੀ ਤੇ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਮੰਗੂ ਆਦਿ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਬਿਜਲੀ ਕਾਮਿਆਂ ਦੀ ਜਥੇਬੰਦੀ ਐਂਪਲਾਈਜ਼ ਫੈਡਰੇਸ਼ਨ (ਚਾਹਲ) ਕੇਸਰੀ ਨਿਸ਼ਾਨ ਜਥੇਬੰਦੀ ਵੱਲੋ ਮਜ਼ਦੂਰ ਦਿਵਸ ਨਾਲ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਦੇ ਚੇਅਰਮੈਨ ਪੂਰਨ ਸਿੰਘ ਖਾਈ ਅਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਚੰਦਰ ਸਿੰਘ ਖਾਈ ਵਿਸ਼ੇਸ਼ ਤੌਰ ’ਤੇ ਸਾਮਿਲ ਹੋਏ। ਜਥੇਬੰਦੀ ਦੇ ਆਗੂਆਂ ਵੱਲੋਂ ਵੱਖ ਵੱਖ ਦਫਤਰਾਂ ਅਤੇ ਬਿਜਲੀ ਗਰਿੱਡਾਂ ’ਚ ਝੰਡੇ ਲਹਿਰਾਏ ਗਏ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪਿੰਡ ਛਾਜਲੀ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਛਾਜਲੀ ਵੱਲੋਂ ਆਪਣੇ ਦਫ਼ਤਰ ਵਿੱਚ ਇੱਕ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਝੰਡਾ ਲਹਿਰਾਇਆ ਗਿਆ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਕਾਮਰੇਡ ਗੋਬਿੰਦ ਸਿੰਘ ਛਾਜਲੀ ਅਤੇ ਪੱਤਰਕਾਰ ਜਸਵੀਰ ਲਾਡੀ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਮਈ ਦਿਵਸ ਦੀ ਮੱਹਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਨਾਲ ਸਭ ਦਾ ਧੰਨਵਾਦ ਕੀਤਾ।