ਭਾਜਪਾ ਵੱਲੋਂ ਕਾਂਗਰਸ ਭਵਨ ਦਾ ਘਿਰਾਓ ਦਾ ਐਲਾਨ
ਚੰਡੀਗੜ੍ਹ, 17 ਅਪਰੈਲ
ਚੰਡੀਗੜ੍ਹ ਭਾਜਪਾ ਨੇ ਅੱਜ ਨੈਸ਼ਨਲ ਹੈਰਾਲਡ ਘੁਟਾਲੇ ਨੂੰ ਲੈ ਕੇ ਕਾਂਗਰਸ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਸਬੰਧੀ ਕਾਂਗਰਸ ਉੱਤੇ ਹਮਲਾ ਕੀਤਾ। ਇਸ ਦੇ ਨਾਲ ਹੀ 18 ਅਪਰੈਲ ਦਿਨ ਸ਼ੁਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-35 ਵਿਖੇ ਸਥਿਤ ਕਾਂਗਰਸ ਭਵਨ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਇਹ ਐਲਾਨ ਅੱਜ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਸੈਕਟਰ-33 ਵਿਖੇ ਸਥਿਤ ਭਾਜਪਾ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕੀਤਾ ਹੈ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਸੰਜੈ ਟੰਡਨ ਤੇ ਮੇਅਰ ਹਰਪ੍ਰੀਤ ਕੌਰ ਬਬਲਾ ਵੀ ਮੌਜੂਦ ਰਹੇ। ਸ੍ਰੀ ਮਲਹੋਤਰਾ ਨੇ ਕਿਹਾ ਕਿ ਨੈਸ਼ਨਲ ਹੈਰਾਲਡ ਘੁਟਾਲਾ ਕਾਂਗਰਸ ਪਾਰਟੀ ਵੱਲੋਂ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ’ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਾਲ 1937 ਵਿਚ ਸਥਾਪਤ ਇਹ ਅਖਬਾਰ ਕਦੇ ਵੀ ਨਹਿਰੂ ਪਰਿਵਾਰ ਦੀ ਨਿੱਜੀ ਜਾਇਦਾਦ ਨਹੀਂ ਸੀ, ਬਲਕਿ ਇਹ ਆਜ਼ਾਦੀ ਘੁਲਾਟੀਆਂ ਦੀ ਆਵਾਜ਼ ਸੀ। ਹਾਲਾਂਕਿ ਸਾਲ 2008 ਵਿੱਚ ਜਦੋਂ ਇਸ ਦਾ ਪ੍ਰਕਾਸ਼ਨ ਬੰਦ ਹੋ ਗਿਆ ਤਾਂ ਕਾਂਗਰਸ ਨੇ ₹90 ਕਰੋੜ ਦੀ ਰਕਮ ਪ੍ਰਦਾਨ ਕੀਤੀ, ਜੋ ਕਿ ਪਾਰਟੀ ਫੰਡ ਤੋਂ ਦਿੱਤੀ ਗਈ ਸੀ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੇ ‘ਯੰਗ ਇੰਡੀਆ’ ਨਾਮਕ ਇੱਕ ਕੰਪਨੀ ਬਣਾਈ, ਜਿਸ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ 38-38 ਫ਼ੀਸਦ ਹਿੱਸੇਦਾਰੀ ਸੀ। ਇਸ ਕੰਪਨੀ ਨੂੰ ਮਾਤਰ 50 ਲੱਖ ਵਿੱਚ 90 ਕਰੋੜ ਦਾ ਲੋਣ ਟਰਾਂਸਫਰ ਕਰ ਦਿੱਤਾ ਗਿਆ। ਇਸ ਦੇ ਬਾਅਦ ਨੈਸ਼ਨਲ ਹੈਰਾਲਡ ਦੀ ਜਾਇਦਾਦ ਗਾਂਧੀ ਪਰਿਵਾਰ ਦੇ ਕਬਜੇ ਵਿੱਚ ਆ ਗਈ। ਇਸ ਜਾਇਦਾਦ ਵਿੱਚ ਦਿੱਲੀ ਦੀ ਪ੍ਰਾਇਮ ਲੋਕੇਸ਼ਨ ਸਮੇਤ ਲਖਨਊ, ਮੁੰਬਈ, ਭੋਪਾਲ ਅਤੇ ਪਟਨਾ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ‘ਯੰਗ ਇੰਡੀਆ’ ਨੂੰ ਚੈਰਿਟੇਬਲ ਸੰਸਥਾ ਦੱਸਿਆ ਸੀ, ਪਰ ਅੱਜ ਤੱਕ ਇਸ ਦੇ ਕਿਸੇ ਵੀ ਚੈਰਿਟੇਬਲ ਕੰਮ ਦਾ ਕੋਈ ਸਬੂਤ ਜਨਤਕ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਸੇ ਸੱਚ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਭਾਜਪਾ ਵੱਲੋਂ 18 ਅਪਰੈਲ ਨੂੰ ਚੰਡੀਗੜ੍ਹ ਕਾਂਗਰਸ ਦੇ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ।