ਭਰਾਜ ਦੀ ਕਰੀਬੀ ਕੌਂਸਲਰ ਕਾਂਗਰਸ ’ਚ ਸ਼ਾਮਲ
ਨਿਜੀ ਪੱਤਰ ਪ੍ਰੇਰਕ
ਸੰਗਰੂਰ, 26 ਅਪਰੈਲ
ਇੱਥੋਂ ਦੀ ਨਗਰ ਕੌਂਸਲ ਦੀ ਚੋਣ ਤੋਂ ਤੁਰੰਤ ਬਾਅਦ ਅਚਾਨਕ ਵਾਪਰੇ ਸਿਆਸੀ ਘਟਨਾਕ੍ਰਮ ਦੌਰਾਨ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਪ੍ਰਮੁੱਖ ਦਾਅਵੇਦਾਰ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਅਤਿ ਕਰੀਬੀ ਮੰਨੀ ਜਾਂਦੀ ‘ਆਪ’ ਦੀ ਮਹਿਲਾ ਨਗਰ ਕੌਂਸਲਰ ਹਰਮਨਦੀਪ ਕੌਰ ‘ਆਪ’ ਨੂੰ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਈ। ਸ਼ਾਮ ਨੂੰ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਉਨ੍ਹਾਂ ਦੀ ਕੋਠੀ ਪੁੱਜ ਕੇ ਹਰਮਨਦੀਪ ਕੌਰ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ੍ਰੀ ਵਿਜੈਇੰਦਰ ਸਿੰਗਲਾ ਦੀ ਮੌਜੂਦਗੀ ਵਿਚ ਵਾਰਡ ਨੰਬਰ 3 ਤੋਂ ਨਗਰ ਕੌਂਸਲਰ ਹਰਮਨਦੀਪ ਕੌਰ ਨੇ ਦੋਸ਼ ਲਾਇਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਜਦੋਂ ਤੋਂ ਉਨ੍ਹਾਂ ਨਗਰ ਕੌਂਸਲ ਦੀ ਚੋਣ ਜਿੱਤੀ ਸੀ ਉਦੋਂ ਤੋਂ ਹੀ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਉਨ੍ਹਾਂ ਨੂੰ ਨਗਰ ਕੌਂਸਲ ਦਾ ਪ੍ਰਧਾਨ ਲਗਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਸੀ ਪਰੰਤੂ ਅੱਜ ਪ੍ਰਧਾਨਗੀ ਤਾਂ ਕੀ ਬਾਕੀ ਦੋਵੇਂ ਅਹੁਦਿਆਂ ’ਚੋ ਵੀ ਕੋਈ ਅਹੁਦਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਸੰਨ 2016 ਤੋਂ ‘ਆਪ’ ’ਚ ਵਾਲੰਟੀਅਰ ਵਜੋਂ ਕੰਮ ਕਰ ਰਹੇ ਸਨ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਨਾਲ ਹਰ ਪਾਰਟੀ ਗਤੀਵਿਧੀ ਵਿਚ ਸੇਵਾਵਾਂ ਨਿਭਾ ਰਹੇ ਸਨ। ਅੱਜ ਪ੍ਰਧਾਨਗੀ ਦੀ ਚੋਣ ਹੋਣ ਤੋਂ ਪਹਿਲਾਂ ਤੱਕ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਪਰ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਨੂੰ ਨਜ਼ਰਅੰਦਾਜ ਕਿਉਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਸਵੇਰੇ 11 ਵਜ਼ੇ ਤੋਂ ਹੀ ਪਾਰਟੀ ਕੌਂਸਲਰਾਂ ਨੂੰ ਇੱਕ ਹੋਟਲ ਵਿਚ ਸ਼ਾਮ 4 ਵਜ਼ੇ ਤੱਕ ਬਿਠਾ ਕੇ ਰੱਖਿਆ ਗਿਆ ਅਤੇ ਉਥੇ ਹੀ ਰਜਿਸਟਰ ਉਪਰ ਕੌਂਸਲਰਾਂ ਦੇ ਦਸਤਖਤ ਵਗੈਰਾ ਕਰਵਾ ਗਏ ਪਰੰਤੂ ਚੋਣ ਮੀਟਿੰਗ ਦੌਰਾਨ ਕੋਈ ਦਸਤਖਤ ਆਦਿ ਨਹੀਂ ਕਰਵਾਏ ਗਏ।
ਇਸ ਮੌਕੇ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਕੌਂਸਲਰ ਹਰਮਨਦੀਪ ਕੌਰ ਨਾਲ ਕੀਤੇ ਧੋਖੇ ਤੋਂ ਜੱਗ ਜ਼ਾਹਰ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਆਪਣੇ ਵਲੰਟੀਅਰਾਂ ਨਾਲ ਕਿਹੋ ਜਿਹਾ ਵਤੀਰਾ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਅੱਜ ਚੋਣ ਵਿਚ ਲੋਕਤੰਤਰ ਦਾ ਘਾਣ ਕੀਤਾ ਹੈ।