ਪੰਜਾਬ ਪੁਲੀਸ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਅਪਰੈਲ
ਪੰਜਾਬ ਪੁਲੀਸ ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਲਹਿਰਾ ਭਵਨ ਵਿੱਚ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਘੋਤਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੁਲੀਸ ਅਧਿਕਾਰੀਆਂ ਦੇ ਸਤਾਏ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਬਹਾਲੀ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਮੰਗਾਂ ਉਪਰ ਵੀ ਚਰਚਾ ਕੀਤੀ ਗਈ।
ਪ੍ਰਧਾਨ ਭੁਪਿੰਦਰ ਸਿੰੰਘ ਘੋਤਰਾ ਨੇ ਕਿਹਾ ਕਿ ਪੰਜਾਬ ਵਿਚ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਦੋਹਰਾ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੀੜ੍ਹਤ ਮੁਲਾਜ਼ਮ ਅਦਾਲਤਾਂ ਵਲੋਂ ਬਰੀ ਹੋ ਕੀਤੇ ਜਾ ਚੁੱਕੇ ਹਨ, ਉਹਨਾਂ ਨੂੰ ਕਾਨੂੰਨੀ ਤੌਰ ’ਤੇ ਡਿਊਟੀ ਲਈ ਬਹਾਲ ਕਰਨਾ ਲਾਜ਼ਮੀ ਬਣਦਾ ਹੈ ਪਰ ਉੱਚ ਪੁਲੀਸ ਅਧਿਕਾਰੀ ਇਸ ਪਾਸੇ ਰਤੀ ਧਿਆਨ ਨਹੀਂ ਦੇ ਰਹੇ ਅਤੇ ਬਹਾਲ ਕਰਨ ਲਈ ਖੱਜਲ ਖੁਆਰ ਕੀਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੂਜੇ ਪਾਸੇ ਉਚ ਅਹੁਦਿਆਂ ’ਤੇ ਤਾਇਨਾਤ ਆਈਪੀਐੱਸ ਅਧਿਕਾਰੀ ਮੁਅੱਤਲ ਕੀਤੇ ਜਾਂਦੇ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੁੰਦਾ। ਇਸ ਮੌਕੇ ਸਾਬਕਾ ਸੈਨਿਕ ਤੇ ਪੱਤਰਕਾਰੀ ਨਾਲ ਜੁੜੇ ਬਲਦੇਵ ਸਿੰਘ ਜਨੂਹਾ ਨੂੰ ਸੰਸਥਾ ਦਾ ਸੂਬਾਈ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਾਬਕਾ ਇੰਸਪੈਕਟਰ ਬਲਜਿੰਦਰ ਸਿੰਘ ਚੱਠਾ, ਸੰਸਥਾ ਦੇ ਜ਼ਿਲ੍ਹਾ ਲੁਧਿਆਣਾ ਤੋਂ ਪ੍ਰਧਾਨ ਮਲਕੀਤ ਸਿੰਘ, ਸੰਸਥਾ ਆਗੂ ਜਗਜੀਤ ਸਿੰਘ, ਸੰਸਥਾ ਆਗੂ ਅਵਤਾਰ ਸਿੰਘ, ਸੰਸਥਾ ਆਗੂ ਪੁਸ਼ਪਾ ਰਾਣੀ ਤੇ ਹੋਰ ਮੌਜੂਦ ਸਨ।