ਬੈਂਸ ਵੱਲੋਂ ਨਵਾਂ ਸ਼ਹਿਰ ਵਿੱਚ ਸਕੂਲ ਆਫ ਐਮੀਨੈਂਸ ਦਾ ਜਾਇਜ਼ਾ
ਸੁਰਜੀਤ ਮਜਾਰੀ
ਨਵਾਂ ਸ਼ਹਿਰ, 6 ਅਪਰੈਲ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਵਾਂ ਸ਼ਹਿਰ ਵਿੱਚ ਸਥਾਪਿਤ ਸਕੂਲ ਆਫ਼ ਐਮੀਨੈਂਸ ਦੀ ਬਹੁਮੰਤਵੀ ਆਧੁਨਿਕ ਇਮਾਰਤ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸੇਧਕ ਅਤੇ ਸਾਰਥਿਕ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਮਾਜਿਕ ਸੇਵਾ ਦਾ ਵੱਡਾ ਕਾਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਕਾਰਜ ਨੂੰ ਸਫ਼ਲ ਕਰਨ ਹਿੱਤ ਸਿੱਖਿਆ ਵਿਭਾਗ ਅੰਦਰ ਅਧਿਆਨਾਤਮਕ ਪ੍ਰਕਿਰਿਆ ਅਪਣਾਉਂਦਿਆਂ ਅਧਿਆਪਕ ਸਹਿਬਾਨ ਨੂੰ ਦੂਜੇ ਦੇਸ਼ਾਂ ਦੇ ਸਿੱਖਿਆ ਢਾਂਚੇ ਦੇ ਜਾਣੂ ਕਰਾਉਣ ਲਈ ਵੀ ਲਗਾਤਾਰ ਭੇਜਿਆ ਜਾ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਸਮੇਂ ਦੇ ਹਾਣ ਦੀਆਂ ਸਿੱਖਿਆ ਸੇਵਾਵਾਂ ਪ੍ਰਦਾਨ ਕਰਨ ਵਜੋਂ ਮੌਜੂਦਾ ਸਰਕਾਰ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਸਾਲਾਨਾ ਨਤੀਜਿਆਂ ਵਿੱਚ ਸੌ ਫ਼ੀਸਦੀ ਪਾਸ ਗਿਣਤੀ ਉਕਤ ਮਿਸ਼ਨ ਦਾ ਹੀ ਸਿੱਟਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਿੱਖਿਆ ਨੀਤੀ ਨੂੰ ਤਸਦੀਕ ਕਰਨ ਲਈ ਅਧਿਆਪਕ ਵਰਗ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸਾਂਝੀ ਮਿਹਨਤ ਵੀ ਵਧਾਈ ਦੀ ਹੱਕਦਾਰ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਨਵਾਂ ਸ਼ਹਿਰ ਦੇ ਐਮੀਨੈਂਸ ਸਕੂਲ ਦੀ ਇਮਾਰਤ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਉਣਗੇ ਅਤੇ ਇਹ ਅਦਾਰੇ ਦੀ ਇਹ ਇਮਾਰਤ ਜਲਦ ਹੀ ਲੋਕ ਅਰਪਿਤ ਕਰ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਵੀਆਂ ਭਰਤੀਆਂ, ਕਰਮਚਾਰੀਆਂ ਦੀਆਂ ਬਦਲੀਆਂ ਅਤੇ ਇਮਾਰਤਾਂ ਦੇ ਨਿਰਮਾਣ ਵਜੋਂ ਸਾਰੀ ਵਿਧੀ ਪਾਰਦਰਸ਼ੀ ਹੋਵੇਗੀ। ਉਨ੍ਹਾਂ ਨਾਲ ਇਸ ਹਲਕੇ ਦੇ ਪਾਰਟੀ ਆਗੂ ਵੀ ਸ਼ਾਮਲ ਸਨ।