ਬਾਗ਼ੀ ਹਲਕਾ ਇੰਚਾਰਜਾਂ ਤੇ ਆਗੂਆਂ ਵੱਲੋਂ ਸੁਖਬੀਰ ਨਾਲ ਮੀਟਿੰਗ
ਇਕਬਾਲ ਸਿੰਘ ਸ਼ਾਂਤ
ਲੰਬੀ, 20 ਮਾਰਚ
ਬਾਗੀ ਅਕਾਲੀ ਹਲਕਾ ਇੰਚਾਰਜਾਂ ਤੇ ਅਕਾਲੀ ਆਗੂਆਂ ਨੇ ਅੱਜ ਸਿੱਧੀਆਂ ਬਾਦਲ ਪਿੰਡ ਨਾਲ ਤਾਰਾਂ ਜੋੜ ਲਈਆਂ ਹਨ। ਅੱਜ ਹਲਕਾ ਦਾਖਾ ਵਿੱਚ ਮਨਪ੍ਰੀਤ ਸਿੰਘ ਇਯਾਲੀ ਨੂੰ ਝਟਕਾ ਦਿੰਦਿਆਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਜਤਾਇਆ ਹੈ। ਅੱਜ ਦਾਖਾ ਹਲਕੇ ਵਿੱਚੋਂ ਵੱਡੀ ਗਿਣਤੀ ਅਕਾਲੀ ਸਰਕਲ ਜਥੇਦਾਰਾਂ, ਚੇਅਰਮੈਨ, ਸਰਪੰਚਾਂ, ਵੱਖ-ਵੱਖ ਵਿੰਗਾਂ ਤੇ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਤੇ ਜ਼ਮੀਨੀ ਆਗੂਆਂ ਨੇ ਪਿੰਡ ਬਾਦਲ ’ਚ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਕਦੇ ਵੀ ਮਨਪ੍ਰੀਤ ਸਿੰਘ ਇਯਾਲੀ ਧੜੇ ਨਾਲ ਨਾ ਜਾਣ ਦਾ ਐਲਾਨ ਕੀਤਾ। ਹਲਕਾ ਨਿਹਾਲ ਸਿੰਘਵਾਲਾ, ਬਾਘਾਪੁਰਾਣਾ ਦੇ ਵਰਕਰ ਵੀ ਸੁਖਬੀਰ ਨੂੰ ਮਿਲਣ ਪੁੱਜੇ। ਉਨ੍ਹਾਂ ਵੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ। ਬਾਦਲ ਨੇ ਅੱਜ ਹਲਕਾ ਲੰਬੀ ਦੇ ਅਕਾਲੀ ਵਰਕਰਾਂ ਨਾਲ ਵੀ ਮੀਟਿੰਗ ਕੀਤੀ।
ਹਲਕਾ ਧਰਮਕੋਟ ਤੋਂ ਅਕਾਲੀ ਆਗੂਆਂ ਨੇ ਸ੍ਰੀ ਬਾਦਲ ਨੂੰ ਮੌਕਾਪ੍ਰਸਤਾਂ ਦੀ ਪ੍ਰਚਾਰ ਮੁਹਿੰਮ ਤੋਂ ਗੁੰਮਰਾਹ ਨਾ ਹੋਣ ਤੇ ਪਾਰਟੀ ਨਾਲ ਡਟਣ ਦਾ ਭਰੋਸਾ ਦਿੱਤਾ। ਸ੍ਰੀ ਬਾਦਲ ਨੇ ਇਨਾਂ ਹਲਕਿਆਂ ਦੇ ਆਗੂਆਂ ਵੱਲੋਂ ਹਮਾਇਤ ਲਈ ਧੰਨਵਾਦ ਕੀਤਾ। ਇਸ ਮੌਕੇ ਦਾਖਾ ਹਲਕੇ ਤੋਂ ਚੇਅਰਮੈਨ ਲਖਵਿੰਦਰ ਸਿੰਘ ਉੱਪਲ, ਗੁਰਦੀਪ ਸਿੰਘ ਅਕਾਲੀ ਚੇਅਰਮੈਨ, ਸਵਰਨ ਸਿੰਘ ਛਜਾਵਾਲ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ, ਚਮਕੌਰ ਸਿੰਘ ਉੱਭੀ, ਗੁਰਇੰਦਰਜੀਤ ਸਿੰਘ ਰੂਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਜਗਰੂਪ ਸਿੰਘ ਸਰਪੰਚ ਛਜਾਵਾਲਾ ਸਮੇਤ ਹੋਰਨਾਂ, ਬਲਾਕ ਸਮਿਤੀ ਦੇ ਮੈਂਬਰ ਬਲਵਿੰਦਰ ਸਿੰਘ ਸ਼ਿੰਦਾ ਮੈਂਬਰ ਮੌਜੂਦ ਸਨ।