ਬਾਕਰਪੁਰ ’ਚ ਜ਼ਮੀਨ ਦਾ ਕਬਜ਼ਾ ਲੈਣ ਆਈ ਗਮਾਡਾ ਟੀਮ ਨੂੰ ਬੇਰੰਗ ਮੋੜਿਆ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 7 ਮਈ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਏਅਰਪੋਰਟ ਨੇੜੇ ਐਰੋਟ੍ਰੋਪਾਲਿਸ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕੀਤੀ ਗਈ ਹੈ ਜਿਸ ਦਾ ਕਬਜ਼ਾ ਲੈਣ ਲਈ ਗਮਾਡਾ ਦੀ ਟੀਮ ਪਿੰਡ ਬਾਕਰਪੁਰ ਪਹੁੰਚੀ ਪਰ ਪੀੜਤ ਕਿਸਾਨਾਂ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਨੰਡਿਆਲੀ ਅਤੇ ਪੀੜਤ ਕਿਸਾਨ ਸੇਵਾ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਗਮਾਡਾ ਟੀਮ ਜੇਸੀਬੀ ਮਸ਼ੀਨਾਂ ਲੈ ਕੇ ਬਾਕਰਪੁਰ ਪਹੁੰਚ ਗਈ ਅਤੇ ਸੜਕਾਂ ਬਣਾਉਣ ਜ਼ਮੀਨ ਦੀ ਖੁਦਾਈ ਕਰਨ ਦਾ ਯਤਨ ਕੀਤਾ। ਹਲਾਂਕਿ, ਕਿਸਾਨਾਂ ਦੇ ਵਿਰੋਧ ਕਾਰਨ ਉਸ ਨੂੰ ਵਾਪਸ ਮੁੜਨਾ ਪਿਆ। ਐਸਡੀਓ ਵੱਲੋਂ ਉਨ੍ਹਾਂ ਨੂੰ ਬੁੱਧਵਾਰ ਨੂੰ ਗਮਾਡਾ ਦਫ਼ਤਰ ਵਿੱਚ ਸੱਦਿਆ ਗਿਆ । ਜਦੋਂ ਉਹ ਅੱਜ ਗਮਾਡਾ ਦਫ਼ਤਰ ਪਹੁੰਚੇ ਤਾਂ ਐਕਸੀਅਨ ਤੇ ਐਸਡੀਓ ਮੌਜੂਦ ਨਹੀਂ ਸਨ। ਬਾਅਦ ਵਿੱਚ ਉਹ ਚੀਫ਼ ਇੰਜੀਨੀਅਰ ਨੂੰ ਮਿਲੇ ਅਤੇ ਮੰਗ ਪੱਤਰ ਦਿੱਤਾ। ਇਸ ਮਗਰੋਂ ਪੀੜਤ ਕਿਸਾਨਾਂ ਨੇ ਭੌਂ ਪ੍ਰਾਪਤੀ ਕੁਲੈਕਟਰ ਨੂੰ ਮਿਲ ਕੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਐਕੁਆਇਰ ਕੀਤੀ ਜ਼ਮੀਨ ਦਾ ਪੂਰਾ ਮੁਆਵਜ਼ਾ, ਟਿਊਬਵੈੱਲਾਂ ਅਤੇ ਚਕੌਤਾ (ਠੇਕੇ) ਦੇ ਪੈਸੇ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਉਹ ਆਪਣੀ ਜ਼ਮੀਨ ਦਾ ਇੱਕ ਟੁਕੜਾ ਨਹੀਂ ਦੇਣਗੇ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇੱਕ ਤਾਂ ਪੀਐਮ ਕਿਸਾਨ ਨਿੱਧੀ ਯੋਜਨਾ ਤਹਿਤ ਪੈਸੇ ਮਿਲਣੇ ਬੰਦ ਹੋ ਗਏ ਕਿਉਂਕਿ ਜਮ੍ਹਾਬੰਦੀ ’ਤੇ ਗਮਾਡਾ ਦਾ ਨਾਂ ਚੜ੍ਹ ਗਿਆ, ਦੂਜਾ ਗਮਾਡਾ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦੇ ਰਿਹਾ। ਕਿਸਾਨਾਂ ਨੇ ਕਿਹਾ ਕਿ ਅਮਰੂਦ ਬਾਗ ਘੁਟਾਲੇ ਵਿੱਚ ਉਨ੍ਹਾਂ ਨੂੰ ਜਾਣਬੁੱਝ ਬਦਨਾਮ ਕੀਤਾ ਜਾ ਰਿਹਾ ਹੈ, ਜਦੋਂਕਿ ਕਈ ਕਿਸਾਨਾਂ ਦੇ ਖੇਤਾਂ ਵਿੱਚ ਅਮਰੂਦ ਨਹੀਂ ਅੰਬਾਂ ਦੇ ਦਰਖ਼ਤ ਹਨ। ਉਧਰ, ਗਮਾਡਾ ਦਾ ਕਹਿਣਾ ਹੈ ਕਿ ਇਸ ਸਭ ਲਈ ਕਿਸਾਨ ਖ਼ੁਦ ਜ਼ਿੰਮੇਵਾਰ ਹਨ। ਭੌਂ ਪ੍ਰਾਪਤੀ ਕੁਲੈਕਟਰ ਨੇ ਬੀਤੀ 5 ਮਈ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਕਤ ਪ੍ਰਾਜੈਕਟ ਲਈ 8 ਜਨਵਰੀ 2021 ਨੂੰ ਜ਼ਮੀਨ ਐਕੁਆਇਰ ਕੀਤੀ ਗਈ ਸੀ, ਜਿਸ ਵਿੱਚ 164 ਫੁੱਟ ਚੌੜੀ ਸੜਕ ਬਣਾਈ ਜਾਣੀ ਹੈ ਅਤੇ ਸੇਵਾ ਸਿੰਘ ਵਗੈਰਾ ਜ਼ਮੀਨ ਮਾਲਕਾਂ ਨੂੰ ਲੈਂਡ-ਪੂਲਿੰਗ ਦਾ ਲਾਭ ਦਿੱਤਾ ਜਾ ਚੁੱਕਾ ਹੈ। ਦਰਖ਼ਤਾਂ ਦਾ ਮੁਆਵਜ਼ਾ ਸੇਵਾ ਸਿੰਘ ਨੇ ਗਮਾਡਾ ਦਫ਼ਤਰ ਵਿੱਚ ਵਾਪਸ ਜਮ੍ਹਾਂ ਕਰਵਾ ਦਿੱਤਾ। ਟਿਊਬਵੈੱਲ ਕੋਠਿਆਂ ਦਾ ਮੁਆਵਜ਼ਾ ਵਿਜੀਲੈਂਸ ਦੀ ਜਾਂਚ ਕਾਰਨ ਹਾਲੇ ਅਦਾ ਨਹੀਂ ਕੀਤਾ ਜਾ ਰਿਹਾ ਹੈ। ਅਖੀਰ ਵਿੱਚ ਇਸ ਗੱਲ ’ਤੇ ਸਹਿਮਤੀ ਬਣੀ ਕਿ ਜਦੋਂ ਤੱਕ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲ ਜਾਂਦਾ ਅਤੇ ਬਾਕੀ ਵਿਵਾਦ ਸੁਲਝ ਨਹੀਂ ਜਾਂਦਾ, ਉਦੋਂ ਤੱਕ ਗਮਾਡਾ ਉਕਤ ਜ਼ਮੀਨ ਵਿੱਚ ਕੋਈ ਉਸਾਰੀ ਨਹੀਂ ਕਰੇਗਾ।