ਡੀਸੀ ਵੱਲੋਂ ਨਸ਼ਾ ਮੁਕਤੀ ਕੇਂਦਰ ਦੀ ਚੈਕਿੰਗ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 6 ਜੂਨ
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਸੁਸਾਇਟੀ ਦੀ ਚੇਅਰਪਰਸਨ ਕੋਮਲ ਮਿੱਤਲ ਨੇ ਅੱਜ ਸਰਕਾਰੀ ਨਸ਼ਾ ਮੁਕਤੀ ਕੇਂਦਰ ਸੈਕਟਰ-66 ਦਾ ਦੌਰਾ ਕੀਤਾ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਕੇਂਦਰ ਦੇ ਕੰਮਕਾਜ ਦੀ ਸਮੀਖਿਆ ਕਰਨਾ ਅਤੇ ਮਰੀਜ਼ਾਂ ਨਾਲ ਗੱਲ ਕਰ ਕੇ ਫੀਡਬੈਕ ਲੈਣਾ ਸੀ। ਇਸ ਮੌਕੇ ਏਡੀਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਸਿਵਲ ਸਰਜਨ ਡਾ. ਸੰਗੀਤਾ ਜੈਨ, ਐੱਸਪੀ (ਪੀਬੀਆਈ) ਦੀਪਿਕਾ ਸਿੰਘ ਅਤੇ ਡਿਪਟੀ ਡਾਇਰੈਕਟਰ (ਰੁਜ਼ਗਾਰ) ਹਰਪ੍ਰੀਤ ਸਿੰਘ ਮਾਨਸ਼ਾਹੀਆ ਵੀ ਸਨ।
ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਡੀਸੀ ਸ੍ਰੀਮਤੀ ਮਿੱਤਲ ਨੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਿਹਤਮੰਦ ਅਤੇ ਜ਼ਿੰਮੇਵਾਰ ਜੀਵਨ ਮੁੜ ਹਾਸਲ ਕਰਨ ਲਈ ਸਹੀ ਇਲਾਜ ਕਰਵਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਪੀੜਤਾਂ ਨੂੰ ਆਪਣੇ ਪਰਿਵਾਰਾਂ ਅਤੇ ਸਮਾਜ ਪ੍ਰਤੀ ਸੁਹਿਰਦ ਯੋਗਦਾਨ ਪਾਉਣ ਵਾਲੇ ਮੈਂਬਰ ਬਣਨ ਦੀ ਮਹੱਤਤਾ ਪ੍ਰਤੀ ਵੀ ਸੰਵੇਦਨਸ਼ੀਲ ਬਣਾਇਆ। ਉਨ੍ਹਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵਿੱਚ ਕਰਵਾਏ ਜਾਣ ਵਾਲੇ ਹੁਨਰ ਵਿਕਾਸ ਕੋਰਸਾਂ-ਜਿਵੇਂ ਕਿ ਮੋਬਾਈਲ ਮੁਰੰਮਤ, ਖਾਣਾ ਪਕਾਉਣ ਅਤੇ ਕੰਪਿਊਟਰ ਸਿਖਲਾਈ ਵਿੱਚ ਹਿੱਸਾ ਲੈਣ।
ਇਸ ਮੌਕੇ ਡੀਸੀ ਨੇ ਡਿਪਟੀ ਡਾਇਰੈਕਟਰ (ਰੁਜ਼ਗਾਰ) ਹਰਪ੍ਰੀਤ ਸਿੰਘ ਮਾਨਸ਼ਾਹੀਆ ਨੂੰ ਆਦੇਸ਼ ਦਿੱਤੇ ਕਿ ਉਹ ਮਰੀਜ਼ਾਂ ਦੀ ਉਨ੍ਹਾਂ ਦੀਆਂ ਰੁਚੀਆਂ ਦੇ ਆਧਾਰ ’ਤੇ ਕੌਂਸਲਿੰਗ ਕਰਨ ਅਤੇ ਉਸ ਅਨੁਸਾਰ ਢੁਕਵੇਂ ਰੁਜ਼ਗਾਰ-ਮੁਖੀ ਕੋਰਸਾਂ ਦਾ ਪ੍ਰਬੰਧ ਕਰਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਨ ਫਾਊਂਡੇਸ਼ਨ ਅਤੇ ਰੁਜ਼ਗਾਰ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਇਲਾਜ ਤੋਂ ਬਾਅਦ ਨੌਜਵਾਨਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ।
ਸਿਵਲ ਸਰਜਨ ਵੱਲੋਂ ਮੁੜ ਵਸੇਬਾ ਕੇਂਦਰ ਦਾ ਦੌਰਾ

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਮੁੜ ਵਸੇਬਾ ਕੇਂਦਰ ਸਰਹਿੰਦ ਦਾ ਅਚਨਚੇਤ ਦੌਰਾ ਕੀਤਾ ਤੇ ਨਸ਼ਾ ਪੀੜਤ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਨਸ਼ਾ ਪੀੜਤਾਂ ਦੇ ਇਲਾਜ, ਪੂਰਨ ਇਲਾਜ ਤੱਕ ਦਾਖ਼ਲੇ ਦਾ ਪ੍ਰਬੰਧ, ਨਸ਼ਾ ਛੱਡਣ ਲਈ ਦ੍ਰਿੜ ਸ਼ਕਤੀ ਉਤਪੰਨ ਕਰਨ, ਚੰਗੀ ਜ਼ਿੰਦਗੀ ਜਿਉਣ ਲਈ ਸਹੀ ਰਸਤੇ ਬਾਰੇ ਪ੍ਰੇਰਿਤ ਕਰਨ, ਨਸ਼ਾ ਛੱਡਣ ਉਪਰੰਤ ਰੁਜ਼ਗਾਰ ਲਈ ਜਾਗਰੂਕ ਕਰਨ, ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕਰਨ ਆਦਿ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਪਛਾਣ ਵੀ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਹਿੱਸਾ ਬਣ ਕੇ ਸਮਾਜ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾਵੇ। ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਰੀਤੂ ਧੀਮਾਨ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਵਿਕਰਮਜੀਤ ਸਿੰਘ ਕੌਂਸਲਰ, ਕਰਨੈਲ ਚੰਦ ਅਤੇ ਨਰਸਿੰਗ ਸਟਾਫ ਹਾਜ਼ਰ ਸਨ।