ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੀ ਜਾਂਚ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 6 ਜੂਨ
‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਵੱਖ-ਵੱਖ ਥਾਵਾਂ ’ਤੇ ਡੇਂਗੂ ਲਾਰਵੇ ਦੀ ਜਾਂਚ ਕੀਤੀ। ਡਾ. ਜੈਨ ਨੇ ਦੱਸਿਆ ਕਿ ਸਿਹਤ ਟੀਮਾਂ ਨੇ ਨਿੱਜੀ ਹਸਪਤਾਲਾਂ ਵਿੱਚ ਡੇਂਗੂ ਬੁਖ਼ਾਰ ਲਈ ਜ਼ਿੰਮੇਵਾਰ ਮੱਛਰ ਦਾ ਲਾਰਵਾ ਲੱਭਣ ਲਈ ਕੰਟੇਨਰ ਚੈੱਕ ਕੀਤੇ ਅਤੇ ਮੱਛਰ ਦੀ ਪੈਦਾਇਸ਼ ਵਾਲੀਆਂ ਹੋਰ ਸੰਭਾਵੀ ਥਾਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਮੌਕੇ ’ਤੇ ਹੀ ਹਸਪਤਾਲਾਂ ਦੇ ਸਟਾਫ਼ ਨੂੰ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵੀ ਸਮਝਾਇਆ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ’ ਮੁਹਿੰਮ ਸਾਰੇ ਪੂਰੇ ਜ਼ਿਲ੍ਹੇ ਵਿੱਚ ਚੱਲ ਰਹੀ ਹੈ। ਅਧਿਕਾਰੀਆਂ ਸਣੇ ਹੋਰ ਸਟਾਫ ਜਿੱਥੇ ਘਰ-ਘਰ ਜਾ ਕੇ ਸਰਵੇਖਣ ਕਰ ਰਹੇ ਹਨ, ਉੱਥੇ ਚਲਾਨ ਕੱਟਣ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਸਰਵੇ ਦੌਰਾਨ ਕੰਟੇਨਰ, ਗ਼ਮਲੇ, ਕੂਲਰ, ਫ਼ਰਿੱਜ, ਬਕਸੇ ਅਤੇ ਹੋਰ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ।
ਡਾ. ਜੈਨ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਕੁੱਝ ਦਿਨਾਂ ਵਿੱਚ ਖ਼ਤਰਨਾਕ ਮੱਛਰ ਦਾ ਰੂਪ ਲੈ ਲੈਂਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਬੁਖ਼ਾਰ ਹੋਣ ਦਾ ਕੋਈ ਪੱਕਾ ਮੌਸਮ ਨਹੀਂ ਪਰ ਆਮ ਤੌਰ ’ਤੇ ਇਹ ਬੁਖ਼ਾਰ ਜੁਲਾਈ ਤੋਂ ਲੈ ਕੇ ਨਵੰਬਰ ਅਖੀਰ ਤੱਕ ਜ਼ਿਆਦਾ ਹੁੰਦਾ ਹੈ। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡੇਂਗੂ ਦੀ ਜਾਂਚ ਅਤੇ ਇਲਾਜ ਦੀ ਸੁਵਿਧਾ ਮੁਫ਼ਤ ਹੈ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸਮੇਤ ਸਿਹਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।