ਬਠਿੰਡਾ ਤੇ ਮਾਨਸਾ ’ਚ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ
ਜੋਗਿੰਦਰ ਸਿੰਘ ਮਾਨ/ਮਨੋਜ ਸ਼ਰਮਾ
ਮਾਨਸਾ/ਬਠਿੰਡਾ, 4 ਮਈ
ਮਾਨਸਾ ਤੇ ਬਠਿੰਡਾ ’ਚ ਐਤਵਾਰ ਦੇਰ ਸ਼ਾਮ ਭਰਵਾਂ ਮੀਂਹ ਪਿਆ ਅਤੇ ਤੇਜ਼ ਝੱਖੜ ਚੱਲਿਆ। ਮੀਂਹ ਪੈਣ ਕਾਰਨ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਤੇ ਮੌਸਮ ਖੁਸ਼ਗਵਾਰ ਹੋ ਗਿਆ। ਕੁਝ ਥਾਵਾਂ ’ਤੇ ਗੜੇ ਵੀ ਪਏ। ਮਾਲਵਾ ਖੇਤਰ ਦੇ ਬਠਿੰਡਾ ਤੇ ਮਾਨਸਾ ਆਦਿ ਜ਼ਿਲ੍ਹਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮੀਂਹ ਕਾਰਨ ਕਿਤੇ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ ਪਰ ਝੱਖੜ ਕਾਰਨ ਕੁਝ ਸੜਕਾਂ ਕੰਢੇ ਤੇ ਖੇਤਾਂ ’ਚ ਦਰੱਖ਼ਤ ਟੁੱਟ ਕੇ ਡਿੱਗਣ ਦੇ ਮਾਮਲੇ ਸਾਹਮਣੇ ਆਏ ਹਨ। ਦਰੱਖ਼ਤ ਡਿੱਗਣ ਕਾਰਨ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਅਚਾਨਕ ਆਏ ਮੀਂਹ ਕਾਰਨ ਆਪਣੀ ਮੰਜ਼ਿਲ ਜਾਂਦੇ ਲੋਕ ਭਿੱਜ ਗਏ। ਪੇਂਡੂ ਖੇਤਰਾਂ ਵਿੱਚ ਤੇਜ਼ ਬਿਜਲੀ ਲਿਸ਼ਕਣ ਅਤੇ ਹਵਾਵਾਂ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਵੀ ਦਰੱਖਤ ਡਿੱਗਣ ਕਰਕੇ ਆਵਾਜਾਈ ਪ੍ਰਭਾਵਿਤ ਹੋਈ। ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ਅਤੇ ਮਹਿਮਾ ਭਗਵਾਨਾਂ ਵਿੱਚ ਗੜੇ ਪਏ ਹੈ। ਕਿਸਾਨਾਂ ਅਨੁਸਾਰ ਮੀਂਹ ਕਾਰਨ ਕੁਝ ਦਿਨ ਪਹਿਲਾਂ ਬੀਜੇ ਗਏ ਨਰਮੇ ਕਰੰਡ ਹੋ ਗਏ ਹਨ। ਬਠਿੰਡਾ ਵਿੱਚ ਅੱਜ ਦਿਨ ਦਾ ਤਾਪਮਾਨ 32.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਾਲਵੇ ’ਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਵੱਲੋਂ ਅਗਲੇ 6 ਦਿਨਾਂ ਤੱਕ ਅਜਿਹਾ ਮੌਸਮ ਰਹਿਣ ਦੀ ਪਸ਼ੀਨਗੋਈ ਕੀਤੀ ਗਈ ਹੈ। ਮੌਸਮ ਦੇ ਬਦਲੇ ਮਿਜ਼ਾਜ ਕਾਰਨ ਮਾਲਵੇ ਖ਼ੇਤਰ ਦੇ ਜ਼ਿਲ੍ਹਿਆਂ ਵਿਚ ਤਾਪਮਾਨ ਕਰੀਬ 7 ਤੋਂ 9 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਅਤੇ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਅਗਲੇ ਪੰਜ ਦਿਨ ਨਰਮੇ ਦੀ ਬਿਜਾਈ ਮੌਸਮ ਵੇਖਕੇ ਕਰਨ, ਕਿਉਂਕਿ ਅਜਿਹਾ ਹੋਣ ਨਾਲ ਨਰਮੇ ਦੀ ਫ਼ਸਲ ਕਰੰਡ ਹੋ ਜਾਣ ਦਾ ਡਰ ਹੈ। ਉਧਰ ਮੌਸਮ ਮਹਿਕਮੇ ਦੀ ਇਸ ਭਵਿੱਖਬਾਣੀ ਨੇ ਮੰਡੀਆਂ ’ਚ ਕਣਕ ਦੇ ਢੇਰਾਂ ’ਤੇ ਬੈਠੇ ਕਿਸਾਨਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਕੁਝ ਕਿਸਾਨਾਂ ਦੀ ਨਾੜ ਤੋਂ ਤੂੜੀ ਬਣਾਉਣ ਵਾਲੀ ਅਜੇ ਵੀ ਰਹਿੰਦੀ ਹੈ।
ਭੁੱਚੋ ਮੰਡੀ ’ਚ ਗੜੇ ਪਏ ਤੇ ਮੰਡੀ ’ਚ ਕਣਕ ਭਿੱਜੀ
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਅੱਜ ਸ਼ਾਮੀਂ ਗਰਜ ਅਤੇ ਚਮਕ ਨਾਲ ਤੇਜ਼ ਝੱਖੜ ਆਇਆ ਅਤੇ ਗੜੇ ਪਏ। ਭਾਰੀ ਮੀਂਹ ਨੇ ਮਿੰਟਾਂ ਵਿੱਚ ਹੀ ਸ਼ਹਿਰ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਦੌਰਾਨ ਬਿਜਲੀ ਸਪਲਾਈ ਠੱਪ ਹੋਣ ਅਤੇ ਭਾਰੀ ਮੀਂਹ ਪੈਣ ਕਾਰਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਮੁਸ਼ਕਿਲ ਹੋ ਗਈਆਂ। ਆੜ੍ਹਤੀ ਬ੍ਰਿਜੇਸ਼ ਮਹੇਸ਼ਵਰੀ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਪਈ ਕਣਕ ਨੂੰ ਤਰਪਾਲਾਂ ਨਾਲ ਢੱਕ ਕੇ ਭਿਜਣ ਤੋਂ ਬਚਾਉਣ ਦੇ ਯਤਨ ਕੀਤੇ ਗਏ, ਫਿਰ ਵੀ ਇੱਕਦਮ ਆਏ ਮੀਂਹ ਨੇ ਗੱਟਿਆਂ ਨੂੰ ਭਿਉਂ ਦਿੱਤਾ।