ਬਜ਼ੁਰਗਾਂ ਦੀਆਂ ਸਰਦ ਰੁੱਤ ਖੇਡਾਂ ਕਰਵਾਈਆਂ
ਪੱਤਰ ਪ੍ਰੇਰਕ
ਰਾਜਪੁਰਾ, 6 ਫਰਵਰੀ
ਇੱਥੋਂ ਦੇ ਸੀਨੀਅਰ ਸਿਟੀਜ਼ਨ ਕੌਂਸਲ ਭਵਨ ਵਿੱਚ ਕੌਂਸਲ ਦੇ ਪ੍ਰਧਾਨ ਬਲਦੇਵ ਸਿੰਘ ਖੁਰਾਣਾ ਅਤੇ ਰਤਨ ਸ਼ਰਮਾ ਦੀ ਸਾਂਝੀ ਅਗਵਾਈ ਹੇਠ ਬਜ਼ੁਰਗਾਂ ਦੀਆਂ ਇੰਨਡੋਰ ਖੇਡਾਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਲੰਘੇ ਦਿਨੀਂ ਕੌਂਸਲ ਭਵਨ ਵਿਖੇ ਬਜ਼ੁਰਗਾਂ ਦੀਆਂ ਕਰਵਾਈਆਂ ਗਈਆਂ ਸਰਦ ਰੁੱਤ ਦੀਆਂ ਖੇਡਾਂ ਕੈਰਮ ਬੋਰਡ, ਗੁੱਲੀ- ਡੰਡਾ, ਤਾਸ਼, ਲੁੱਡੂ, ਨਿੰਬੂ ਚਮਚਾ ਦੋੜ, ਗੋਲਾ ਸੁਟਣਾ, ਸੂਈ ਧਾਗਾ ਪਾਉਣਾ ਅਤੇ ਮਿਊਜੀਕਲ ਚੇਅਰ ਰੇਸ ਦੀਆਂ ਖੇਡਾਂ ਦੇ ਜੇਤੂਆਂ ਨੂੰ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਸੰਗੀਤ ਕੁਮਾਰ ਆਹਲੂਵਾਲੀਆ ਨੇ ਇਨਾਮ ਵੰਡੇ। ਇਸ ਮੌਕੇ ਉਘੇ ਸਮਾਜ ਸੇਵੀ ਚਰਨਜੀਤ ਸਿੰਘ ਨਾਮਧਾਰੀ ਨੇ ਇਹਨਾਂ ਖੇਡਾਂ ਵਿੱਚ ਚਾਰ ਆਲ ਰਾਊਡ ਜੇਤੂ ਜਵਾਲਾ ਸਿੰਘ, ਧਰਮ ਪਾਲ ਸ਼ਰਮਾ, ਪ੍ਰੋ. ਮਦਨ ਲਾਲ ਘਈ ਅਤੇ ਗੁਰਚਰਨ ਸਿੰਘ ਗਿੱਲ ਨੂੰ ਹੱਥ ‘ਤੇ ਬੰਨਣ ਵਾਲੀਆਂ ਘੜੀਆਂ ਸਨਮਾਨ ਵਜੋਂ ਭੇਟ ਕੀਤੀਆਂ। ਇਸ ਮੌਕੇ ਡਾ. ਗੁਰਵਿੰਦਰ ਅਮਨ, ਸੁਰੇਸ਼ ਕੱਕੜ, ਕਰਨੈਲ ਸਿੰਘ ਪਰਵਾਨਾ, ਗਿਆਨ ਚੰਦ ਵਰਮਾ, ਗਿਆਨ ਚੰਦ ਸ਼ਰਮਾ ਅਤੇ ਪ੍ਰਭੂ ਦਿਆਲ ਲੁਥਰਾ ਹਾਜ਼ਰ ਸਨ। ਼
ਰੇਲਵੇ ਸਕੂਲ ਵਿੱਚ ਬੱਚਿਆਂ ਦੀਆਂ ਸਾਲਾਨਾ ਖੇਡਾਂ
ਪਟਿਆਲਾ (ਪੱਤਰ ਪ੍ਰੇਰਕ): ਮਹਿਲਾ ਭਲਾਈ ਸੰਸਥਾ ਦੁਆਰਾ ਚਲਾਏ ਜਾ ਰਹੇ ਨੀਵ ਪਟਿਆਲਾ ਰੇਲਵੇ ਵਰਕਸ਼ਾਪ ਪਬਲਿਕ ਸਕੂਲ ਦੇ ਖੇਡ ਦਾ ਮੈਦਾਨ ਵਿੱਚ ਆਪਣਾ 20ਵਾਂ ਸਾਲਾਨਾ ਖੇਡ ਦਿਵਸ ਕਰਵਾਇਆ। ਖੇਡ ਦਿਵਸ ਦਾ ਉਦਘਾਟਨ ਮੁੱਖ ਮਹਿਮਾਨ ਪੀਐਲਡਬਲਿਊ ਦੇ ਮੁੱਖ ਪ੍ਰਬੰਧਕੀ ਅਫ਼ਸਰ ਅਸ਼ੋਕ ਕੁਮਾਰ ਅਤੇ ਸ਼੍ਰੀਮਤੀ ਅਜੈ ਰਾਣੀ, ਪ੍ਰਧਾਨ, ਮਹਿਲਾ ਭਲਾਈ ਸੰਸਥਾ ਨੇ ਹਵਾ ਵਿੱਚ ਗ਼ੁਬਾਰੇ ਛੱਡ ਕੇ ਕੀਤਾ। ਉਪਰੰਤ ਉਨ੍ਹਾਂ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਛੋਟੇ ਬੱਚਿਆਂ ਵੱਲੋਂ ਪੇਸ਼ ਕੀਤੇ ਮਾਰਚ ਪਾਸਟ ਨੂੰ ਸਲਾਮੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਅਸ਼ੋਕ ਕੁਮਾਰ ਅਤੇ ਮਹਿਲਾ ਭਲਾਈ ਸੰਸਥਾ ਦੇ ਪ੍ਰਧਾਨ ਅਤੇ ਹਾਜ਼ਰ ਅਧਿਕਾਰੀਆਂ ਨੇ ਜੇਤੂ ਬੱਚਿਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਮਹਿਲਾ ਭਲਾਈ ਸੰਸਥਾ ਦੀ ਚੇਅਰਪਰਸਨ ਵੱਲੋਂ ਸਕੂਲ ਦੇ ਸਾਰੇ 500 ਬੱਚਿਆਂ ਨੂੰ ਜੈਕਟਾਂ ਵੰਡੀਆਂ ਗਈਆਂ। ਪ੍ਰਿੰਸੀਪਲ ਮੁੱਖ ਪ੍ਰਬੰਧਕੀ ਅਫ਼ਸਰ ਪੀਐੱਲਡਬਲਿਊ ਪਟਿਆਲਾ ਅਸ਼ੋਕ ਕੁਮਾਰ ਨੇ ਸੰਬੋਧਨ ਕੀਤਾ।