ਬਜਟ ’ਤੇ ਚਰਚਾ ਲਈ ਘੱਟ ਸਮਾਂ ਮਿਲਣ ’ਤੇ ਸਪੀਕਰ ਨੂੰ ਪੱਤਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਾਰਚ
ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਸਪੀਕਰ ਵੱਲੋਂ ਦਿੱਲੀ ਬਜਟ ’ਤੇ ਚਰਚਾ ਲਈ ਬਹੁਤ ਘੱਟ ਸਮਾਂ ਦੇਣ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਇਤਰਾਜ਼ ਪ੍ਰਗਟਾਉਂਦਿਆਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਭਾਜਪਾ ਸਰਕਾਰ ਦਿੱਲੀ ਦੇ ਲੋਕਾਂ ਤੋਂ ਕੀ ਛੁਪਾਉਣਾ ਚਾਹੁੰਦੀ ਹੈ, ਕੀ ਉਹ ਸਾਲਾਨਾ ਬਜਟ ’ਤੇ ਵਿਸਥਾਰਤ ਚਰਚਾ ਤੋਂ ਭੱਜ ਰਹੀ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਸੂਬੇ ਦੇ ਬਜਟ ’ਤੇ ਚਰਚਾ ਲਈ ਸਿਰਫ਼ ਇਕ ਘੰਟਾ ਕਿਉਂ ਦਿੱਤਾ ਗਿਆ ਅਤੇ ਸਰਕਾਰ ਸਦਨ ‘ਚ ਆਰਥਿਕ ਸਰਵੇਖਣ ਪੇਸ਼ ਕਰਨ ਤੋਂ ਕਿਉਂ ਬਚ ਰਹੀ ਹੈ। ਆਤਿਸ਼ੀ ਨੇ ਦਿੱਲੀ ਬਜਟ 2025-26 ਦੀ ਭਰੋਸੇਯੋਗਤਾ ’ਤੇ ਵੀ ਸਵਾਲ ਚੁੱਕੇ ਅਤੇ ਪੁੱਛਿਆ ਕਿ ਕੀ ਇਹ ਬਜਟ ਕਾਲਪਨਿਕ ਮਾਲੀਆ ਅਨੁਮਾਨਾਂ ’ਤੇ ਆਧਾਰਿਤ ਹੈ ਅਤੇ ਇਸ ਲਈ ਸਰਕਾਰ ਬਜਟ ‘ਤੇ ਵਿਸਤ੍ਰਿਤ ਚਰਚਾ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨ ਸਦਨ ਵਿੱਚ ਸਿਰਫ਼ ਬਜਟ ’ਤੇ ਹੀ ਚਰਚਾ ਕੀਤੀ ਜਾਵੇ ਅਤੇ ਜੇ ਲੋੜ ਪਵੇ ਤਾਂ ਸੈਸ਼ਨ ਇੱਕ ਦਿਨ ਹੋਰ ਵਧਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਬਜਟ ਪੇਸ਼ ਹੋਣ ਤੋਂ ਬਾਅਦ ਕਈ ਦਿਨਾਂ ਤੱਕ ਇਸ ਦੀ ਚਰਚਾ ਹੁੰਦੀ ਰਹਿੰਦੀ ਹੈ। ਸੱਤਾਧਾਰੀ ਅਤੇ ਵਿਰੋਧੀ ਧਿਰ ਦੋਵਾਂ ਦੇ ਵਿਧਾਇਕ ਆਪਣੇ ਵਿਚਾਰ ਪੇਸ਼ ਕਰਦੇ ਹਨ ਅਤੇ ਵਿੱਤ ਮੰਤਰੀ ਸਾਰੇ ਮੁੱਦਿਆਂ ਦਾ ਜਵਾਬ ਦਿੰਦੇ ਹਨ, ਜਿਸ ਤੋਂ ਬਾਅਦ ਵਿਧਾਨ ਸਭਾ ਵੱਲੋਂ ਬਜਟ ਪਾਸ ਕੀਤਾ ਜਾਂਦਾ ਹੈ। ਉਨ੍ਹਾਂ ਲਿਖਿਆ ਕਿ ਇਹ ਚਰਚਾ ਅਤੇ ਬਹਿਸ ਸਿਰਫ਼ ਵਿਧਾਇਕਾਂ ਲਈ ਹੀ ਨਹੀਂ, ਸਗੋਂ ਦਿੱਲੀ ਦੇ ਵੋਟਰ ਅਤੇ ਦੇਸ਼ ਭਰ ਦੇ ਲੋਕ ਇਸ ਨੂੰ ਬੜੇ ਧਿਆਨ ਨਾਲ ਦੇਖਦੇ ਹਨ।