ਫ਼ਰਜ਼ੀ ਨੰਬਰ ਦੇ ਤੇਲ ਟੈਂਕਰ ਵਿੱਚੋਂ 970 ਪੇਟੀਆਂ ਸ਼ਰਾਬ ਬਰਾਮਦ
ਪੱਤਰ ਪ੍ਰੇਰਕ
ਟੋਹਾਣਾ, 1 ਅਪਰੈਲ
ਭਾਰਤ ਪੈਟਰੋਲੀਅਮ ਦੇ ਸਟਿੱਕਰ ਵਾਲੇ ਟਰਾਲਾ ਟੈਂਕਰ ਵਿੱਚੋਂ ਟੋਹਾਣਾ ਸਦਰ ਪੁਲੀਸ ਨੇ ਟੋਹਾਣਾ-ਹਿਸਾਰ ਸੜਕ ਤੇ ਪਿੰਡ ਕੰਨੜ੍ਹੀ-ਸਮੈਣ ਵਿਚਕਾਰ ਨਾਕੇ ’ਤੇ 970 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਸ ਸਬੰਧੀ ਗੁਪਤਾ ਸੁਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ’ਤੇ ਪੁਲੀਸ ਪਾਰਟੀ ਤਾਇਨਾਤ ਕੀਤੀ ਗਈ ਸੀ। ਮੁੱਢਲੀ ਜਾਂਚ ਵਿੱਚ ਤੇਲ ਟੈਂਕਰ ਜਿਸ ਦੀ ਨੰਬਰ ਪਲੇਟ ਬਦਲੀ ਗਈ ਸੀ। ਟੈਂਕਰ ਵਿੱਚ ਸ਼ਰਾਬ ਦਾ ਪੱਕਾ ਸਬੂਤ ਮਿਲਣ ’ਤੇ ਕਟਰ ਮਸ਼ੀਨ ਨਾਲ ਟੈਂਕਰ ਦਾ ਪਿਛਲਾ ਹਿੱਸਾ ਕੱਟ ਕੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਕਰਕੇ ਡਰਾਈਵਰ ਤੁਲਸਾ ਰਾਮ ਵਾਸੀ ਬਾੜਮੇਰ (ਰਾਜਸਥਾਨ) ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ’ਤੇ ਲੈ ਕੇ ਅਗਲੀ ਜਾਂਚ ਆਰੰਭੀ ਗਈ ਹੈ। ਪੁਲੀਸ ਨੇ ਟੈਂਕਰ ਵਿੱਚੋਂ 640 ਪੇਟੀ ਰਾਇਲ ਚੈਲੇਂਜ, 330 ਪੇਟੀ ਰਾਇਲ ਸਟੈਗ ਦੀਆਂ ਬਰਾਮਦ ਕੀਤੀਆਂ ਹਨ। ਬੋਤਲਾਂ ’ਤੇ ਮੁਹਾਲੀ ਸ਼ਰਾਬ ਕੰਪਨੀ ਦੇ ਸਟਿੱਕਰ ਲੱਗੇ ਹਨ। ਡਰਾਈਵਰ ਨੇ ਦੱਸਿਆ ਕਿ ਉਸ ਨੇ ਇਕ ਦੋਸਤ ਡਰਾਈਵਰ ਲਿੱਸਾਰਾਮ ਵਾਸੀ ਰਾਖੀਤਲਾ ਬਾੜਮੇਰ ਦੇ ਬਹਿਕਾਵੇ ਵਿੱਚ ਆ ਕੇ ਬਠਿੰਡਾ ਤੋਂ ਪੰਜਾਬੀ ਹੋਟਲ ’ਤੇ ਖੜ੍ਹੇ ਟੈਂਕਰ ਨੂੰ ਕੁੰਡਲੀ ਐਕਸਪ੍ਰੈਸ ਤੇ ਡਿਲੀਵਰੀ ਦੇਣੀ ਸੀ। ਇਸ ਬਦਲੇ ਲਿੱਸਾਰਾਮ ਨੇ ਉਸ ਨੂੰ 50 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਐੱਸਐੱਚਓ ਬਲਜੀਤ ਸਿੰਘ ਮੁਤਾਬਕ ਸ਼ਰਾਬ ਸਪਲਾਈ ਕਰਨ ਵਲਿਆਂ ਤੇ ਪ੍ਰਾਪਤ ਕਰਨ ਵਾਲਿਆਂ ਨੂੰ ਕੇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਪੁਲੀਸ ਨੇ ਇਸ ਸਬੰਧੀ ਕਾਰਵਾਈ ਆਰੰਭ ਦਿੱਤੀ ਹੈ।