ਫ਼ਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼: ਦੋ ਲੜਕੀਆਂ ਸਣੇ 13 ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਾਰਚ
ਹਰਿਆਣਾ ਦੇ ਅਧੁਨਿਕ ਕਾਰੋਬਾਰੀ ਸ਼ਹਿਰ ਗੁਰਗ੍ਰਾਮ ਦੀ ਸਾਈਬਰ ਪੁਲੀਸ ਨੇ ਫਰਜ਼ੀ ਕਾਲ ਸੈਂਟਰ ਪਰਦਾਫਾਸ਼ ਕੀਤਾ ਹੈ ਜੋ ਮਾਈਕ੍ਰੋਸਾਫਟ ਕੰਪਨੀ ਦੇ ਨੁਮਾਇੰਦੇ ਦੱਸ ਕੇ ਕੈਨੇਡੀਅਨ ਮੂਲ ਦੇ ਲੋਕਾਂ ਨੂੰ ਠੱਗ ਰਿਹਾ ਸੀ। ਪੁਲੀਸ ਨੇ ਫਰਜ਼ੀ ਕਾਲ ਸੈਂਟਰ ਤੋਂ ਦੋ ਲੜਕੀਆਂ ਸਣੇ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 12 ਲੈਪਟਾਪ ਅਤੇ ਤਿੰਨ ਮੋਬਾਈਲ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸਾਈਬਰ ਕ੍ਰਾਈਮ ਸਾਊਥ ਦੇ ਇੰਸਪੈਕਟਰ ਨਵੀਨ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਸੁਸ਼ਾਂਤ ਲੋਕ ਫੇਜ਼-3 ਦੇ ਬੀ-ਬਲਾਕ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਕਾਲ ਸੈਂਟਰ ਚਲਾਇਆ ਜਾ ਰਿਹਾ ਹੈ। ਟੀਮ ਨੇ ਮੌਕੇ ’ਤੇ ਛਾਪਾ ਮਾਰ ਕੇ ਟੀਮ ਲੀਡਰ ਸਣੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੁਲਜ਼ਮ ਸੂਰਜ ਕਾਲ ਸੈਂਟਰ ਦਾ ਟੀਮ ਲੀਡਰ ਹੈ। ਉਹ ਉਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਲਗਪਗ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੰਦਾ ਹੈ। ਮੁਲਜ਼ਮ ਸੂਰਜ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਿਛਲੇ ਮਹੀਨੇ ਤੋਂ ਸਾਥੀ ਮੁਲਜ਼ਮਾਂ ਨਾਲ ਮਿਲ ਕੇ ਇਹ ਕੰਮ ਕਰ ਰਿਹਾ ਹੈ। ਉਹ ਵਿਦੇਸ਼ੀ ਮੂਲ ਦੇ ਨਾਗਰਿਕਾਂ ਨੂੰ ਮਾਈਕ੍ਰੋਸਾਫਟ ਕੰਪਨੀ ਦੀ ਗਾਹਕ ਦੇਖਭਾਲ ਸੇਵਾ ਕਰਨ ਦੇ ਨਾਂ ’ਤੇ ਧੋਖਾਧੜੀ ਕਰਦਾ ਹੈ।ਮੁਲਜ਼ਮ ਪੌਪ-ਅੱਪ ਰਾਹੀਂ ਕੈਨੇਡੀਅਨ ਨਾਗਰਿਕਾਂ ਦੇ ਕੰਪਿਊਟਰਾਂ ਵਿੱਚ ਵਾਇਰਸ ਭੇਜਦੇ ਸਨ, ਜਿਸ ਵਿੱਚ ਉਨ੍ਹਾਂ ਦਾ ਟੋਲ-ਫ੍ਰੀ ਨੰਬਰ ਲਿਖਿਆ ਹੁੰਦਾ ਹੈ। ਜਦੋਂ ਵਿਦੇਸ਼ੀ ਨਾਗਰਿਕ ਆਪਣੇ ਟੋਲ ਫ੍ਰੀ ਨੰਬਰ ‘ਤੇ ਕਾਲ ਕਰਦੇ ਹਨ, ਤਾਂ ਕਾਲ ਉਨ੍ਹਾਂ ਦੇ ਸਟਾਫ ਦੇ ਲੈਪਟਾਪ ‘ਤੇ ਸਥਾਪਤ ਐਪਲੀਕੇਸ਼ਨ ‘ਤੇ ਭੇਜੀ ਜਾਂਦੀ ਹੈ। ਫਿਰ 300-500 ਡਾਲਰ ਦੀ ਠੱਗੀ ਮਾਰੀ ਜਾਂਦੀ ਸੀ।