ਪੱਲਿਓਂ ਖੁਆਏ ਖਾਣੇ ਦੀ ਅਦਾਇਗੀ ਨਾ ਹੋਣ ’ਤੇ ਰੋਸ
ਖੇਤਰੀ ਪ੍ਰਤੀਨਿਧ
ਪਟਿਆਲਾ, 6 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ 2022 ਸਮੇਂ ਚੋਣ ਪਾਰਟੀਆਂ ਨੂੰ ਖੁਆਏ ਖਾਣੇ ਦੇ ਲੰਬਿਤ ਪੈਸਿਆਂ ਸਬੰਧੀ ਰਾਜਪੁਰਾ ਪ੍ਰਸ਼ਾਸਨ ਦੇ ਕਥਿਤ ਨਾਕਾਰਾਤਮਕ ਰਵੱਈਏ ਮਗਰੋਂ ਪਟਿਆਲਾ ਪ੍ਰਸ਼ਾਸਨ ਦੀ ਬੇਰੁਖੀ ਦੀ ਸ਼ਿਕਾਰ ਮਿੱਡ-ਡੇਅ ਮੀਲ ਵਰਕਰ ਯੂਨੀਅਨ ਨੇ ਅੱਜ ਪਟਿਆਲਾ ਪ੍ਰਸ਼ਾਸਨ ਖ਼ਿਲਾਫ਼ ਇੱਥੇ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਕਰਦਿਆਂ ‘ਆਪ’ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਤੋਂ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ, ਮਿੱਡ-ਡੇਅ ਮੀਲ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਿੰਕੀ ਖਰਾਬਗੜ੍ਹ ਅਤੇ ਡੈਮੋਕ੍ਰੈਟਿਕ ਟੀਚਰ ਫਰੰਟ ਤੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਆਪਣੇ ਪੱਲਿਓਂ ਚੋਣ ਪਾਰਟੀਆਂ ਨੂੰ ਖਾਣਾ ਖੁਆਉਣ ਵਾਲਿਆਂ ਨੂੰ ਵੀ ਹੱਕ ਮੰਗਣ ਲਈ ਇੱਕ ਸਾਲ ਤੋਂ ਦਫ਼ਤਰਾਂ ‘ਚ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਆਹਲਾ ਅਫ਼ਸਰਾਂ ਵੱਲੋਂ ਤਾਂ ਸਿੱਖਿਆ ਵਿਭਾਗ ਦੀਆਂ ਆਪਣੇ ਸਕੂਲਾਂ ਨੂੰ ਦਿੱਤੀਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਵੀ ਸਿਰੇ ਤੋਂ ਖਾਰਿਜ ਕੀਤਾ ਜਾ ਰਿਹਾ ਹੈ।
ਧਰਨੇ ਦੌਰਾਨ ਜਥੇਬੰਦੀ ਵੱਲੋਂ ਐੱਸਡੀਐੱਮ ਪਟਿਆਲਾ ਡਾ. ਇਸ਼ਮਤਵਿਜੈ ਸਿੰਘ ਰਾਹੀਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਦਿੱਤਾ ਗਿਆ, ਜਿਨ੍ਹਾਂ ਮਾਮਲੇ ਦੀ ਪੂਰੀ ਪੜਤਾਲ ਕਰਕੇ ਇਨਸਾਫ਼ ਦਾ ਭਰੋਸਾ ਦਿੱਤਾ। ਧਰਨੇ ਉਪਰੰਤ ਜਥੇਬੰਦੀ ਵੱਲੋਂ ਮਿੱਡ-ਡੇਅ ਮੀਲ ਵਰਕਰਾਂ ਸਮੇਤ ਕੱਚੇ ਮੁਲਾਜ਼ਮਾਂ ਨਾਲ ਵਾਅਦਾਖਿਲਾਫੀ ਕਰਨ ਦੇ ਦੋਸ਼ ਹੇਠ ‘ਆਪ’ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੁਰਜੀਤ ਘੱਗਾ, ਵਿਕਰਮਜੀਤ ਅਲੂਣਾ, ਹਰਵਿੰਦਰ ਰੱਖੜਾ, ਰਾਮਸ਼ਰਨ ਨਾਭਾ, ਹਰਿੰਦਰ ਪਟਿਆਲਾ, ਰਵੀਨ ਜੋਗੀਪੁਰ, ਚਮਕੌਰ ਸਿੰਘ, ਕੁਲਵੰਤ ਮੰਡੇਰ, ਜਰਨੈਲ ਜੈਲੀ, ਦਿਲਾਵਰ ਸਿੰਘ, ਸਤਨਾਮ ਸਿੰਘ, ਬੀਨਾ ਘੱਗਾ, ਹਰਜਿੰਦਰ ਕੌਰ, ਕ੍ਰਿਸ਼ਨਾ, ਹਰਪ੍ਰੀਤ ਕੌਰ ਅਤੇ ਮਾਲਤੀ ਦੇਵੀ ਹਾਜ਼ਰ ਸਨ।