ਪੰਥ ਵਿਰੋਧੀ ਤਾਕਤਾਂ ਅਕਾਲੀ ਦਲ ਦੀ ਹੋਂਦ ਮਿਟਾਉਣ ਲਈ ਸਰਗਰਮ: ਮਹੇਸ਼ਇੰਦਰ
ਗੁਰਿੰਦਰ ਸਿੰਘ
ਲੁਧਿਆਣਾ 7 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਅਤੇ ਹਲਕਾ ਗਿੱਲ ਦੇ ਸਰਕਲ ਡੈਲੀਗੇਟਾਂ ਦੀ ਇਕੱਤਰਤਾ ਜ਼ਿਲ੍ਹਾ ਆਬਜ਼ਰਵਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਹੋਈ ਜਦਕਿ ਜ਼ਿਲ੍ਹਾ ਜਥੇਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਚਰਨ ਸਿੰਘ ਆਲਮਗੀਰ, ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਹਰਜਿੰਦਰ ਸਿੰਘ ਬੌਬੀ ਗਰਚਾ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ।
ਇਸ ਸਮੇਂ ਆਬਜ਼ਰਵਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੁੱਝ ਤਾਕਤਾਂ ਵੱਲੋਂ ਯੋਜਨਾਵੱਧ ਢੰਗ ਨਾਲ ਖੇਤਰੀ ਪਾਰਟੀ ਅਕਾਲੀ ਦਲ ਦੀ ਘੇਰਾਬੰਦੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਅਕਾਲੀ ਦਲ ਦੇ ਨਾਮ ’ਤੇ ਦੁਕਾਨਾਂ ਖੋਲ੍ਹ ਕੇ ਪਾਰਟੀ ਵਰਕਰਾਂ ਨੂੰ ਦੁਬਿਧਾ 'ਚ ਪਾਇਆ ਜਾ ਰਿਹਾ ਹੈ ਪਰ ਇਨ੍ਹਾਂ ਲੋਕਾਂ ਦੀ ਅਸਲ ਸੱਚਾਈ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਹਲਕਾ ਦਾਖਾ ਅਤੇ ਹਲਕਾ ਗਿੱਲ ਦੇ ਇੰਚਾਰਜਾਂ ਦੀ ਗੈਰਹਾਜ਼ਰੀ ਵਿੱਚ ਪਾਰਟੀ ਦੇ ਅਹੁਦੇਦਾਰਾਂ ਦਾ ਵੱਡੀ ਗਿਣਤੀ ਵਿੱਚ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਪਾਰਟੀ ਨਾਲ ਜੁੜੇ ਹੁੰਦੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਦੋਵਾਂ ਹਲਕਿਆਂ ਦੇ ਇੰਚਾਰਜ ਸਾਹਿਬਾਨ ਵੱਲੋਂ ਅਕਾਲੀ ਦਲ ਦੀ ਭਰਤੀ ਤੋਂ ਪਾਸਾ ਵੱਟਣ ਦੇ ਬਾਵਜੂਦ ਅਕਾਲੀ ਵਰਕਰਾਂ ਨੇ ਆਪ ਮੁਹਾਰੇ ਭਰਤੀ ਕੀਤੀ ਜਿਸ ਨਾਲ ਸਬੰਧਿਤ ਸਰਕਲ ਡੈਲੀਗੇਟ ਵੱਡੀ ਗਿਣਤੀ ਵਿੱਚ ਪਹੁੰਚੇ ਹਨ।
ਇਸ ਮੌਕੇ ਜ਼ਿਲ੍ਹਾ ਜੱਥੇਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਹਰਜਿੰਦਰ ਸਿੰਘ ਬੋਬੀ ਗਰਚਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਪੰਜਾਬ ਦੇ ਹੱਕਾਂ ਲਈ ਲੜਾਈਆਂ ਲੜੀਆਂ ਹਨ ਅਤੇ ਜਿੱਤ ਪ੍ਰਾਪਤ ਕੀਤੀ ਹੈ ਪਰ ਕੁੱਝ ਪੰਥ ਵਿਰੋਧੀ ਤਾਕਤਾਂ ਪੰਜਾਬ ਦੀ ਵੱਡੀ ਖੇਤਰੀ ਪਾਰਟੀ ਨੂੰ ਤੋੜਨ ਲਈ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਜਿਸਨੂੰ ਸਿੱਖ ਕੌਮ ਕਦੀ ਵੀ ਪ੍ਰਵਾਨ ਨਹੀਂ ਕਰੇਗੀ। ਇਸ ਸਮੇਂ ਗੁਰਜੀਤ ਸਿੰਘ ਲਹਿਰਾ, ਕਰਮਜੀਤ ਸਿੰਘ ਮਲਕਪੁਰ, ਕੈਪਟਨ ਹਰਬੰਸ ਸਿੰਘ ਸਾਇਆ, ਦਲਬੀਰ ਸਿੰਘ ਲਤਾਲਾ, ਕੁਲਦੀਪ ਸਿੰਘ ਈਸੇਵਾਲ, ਚਮਕੌਰ ਸਿੰਘ ਊਬੀ, ਸਵਰਨ ਸਿੰਘ ਝੱਜਾਵਾਲ , ਗੁਰਦੀਪ ਸਿੰਘ ਫੱਲੇਵਾਲ ਨੇ ਵੀ ਆਪੋ ਆਪਣੇ ਵਿਚਾਰ ਰੱਖਦਿਆਂ ਪਾਰਟੀ ਨਾਲ ਡਟ ਕੇ ਖੜ੍ਹਨ ਦਾ ਵਾਅਦਾ ਕੀਤਾ।