ਪੰਜਾਬੀ ’ਵਰਸਿਟੀ ’ਚ ਰੈਗੂਲਰ ਵੀਸੀ ਨਿਯੁਕਤ ਕਰਨ ਦੀ ਮੰਗ
ਖੇਤਰੀ ਪ੍ਰ੍ਰਤੀਨਿਧ
ਪਟਿਆਲਾ, 9 ਅਪਰੈਲ
ਇੱਥੇ ਪੰਜਾਬੀ ਯੂਨੀਵਰਸਿਟੀ ਬਚਾਓ ਮੰਚ ਵੱਲੋਂ ਯੂਨੀਵਰਸਿਟੀ ਦੇ ਭਵਿੱਖ ਅਤੇ ਵਿਦਿਆਰਥੀਆਂ ਨਾਲ ਸਬੰਧਤ ਮੁੱਦਿਆਂ ਬਾਰੇ ਚਰਚਾ ਲਈ ਅੱਜ ਮੀਟਿੰਗ ਕੀਤੀ ਗਈ। ਇਸ ਦੌਰਾਨ ਯੂਨੀਵਰਸਿਟੀ ਦੇ ਕੰਮਕਾਜ ਵਿੱਚ ਆਈ ਗਿਰਾਵਟ ’ਤੇ ਚਿੰਤਾ ਪ੍ਰਗਟ ਕਰਦਿਆਂ ਮੰਚ ਨੇ ਇੱਥੇ ਫੌਰੀ ਤੌਰ ’ਤੇ ਰੈਗੂਲਰ ਵਾਈਸ ਚਾਂਸਲਰ ਦੀ ਨਿਯੁਕਤੀ ਕਰਨ ਦੀ ਜ਼ੋਰਦਾਰ ਮੰਗ ਕੀਤੀ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਵੀਸੀ ਨਾ ਲਾਇਆ ਗਿਆ ਤਾਂ 14 ਅਪਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਯੂਨੀਵਰਸਿਟੀ ਵਿੱਚ ਆਉਣ ’ਤੇ ਉਨ੍ਹਾਂ ਦਾ ਮੰਚ ਵੱਲੋਂ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਯਾਦਵਿੰਦਰ ਯਾਦੂ, ਨਿਰਮਲਜੀਤ ਮਝੈਲ, ਮਨਵਿੰਦਰ ਵੜੈਚ, ਕੁਲਦੀਪ ਝਿੰਜਰ, ਸਾਹਿਲਪ੍ਰੀਤ ਸਿੰਘ, ਨਾਰਦਨ ਸਿੰਘ ਸਰਾਂ, ਗੁਰਪ੍ਰੀਤ ਅਫ਼ਤਾਬ, ਗੁਰਪਿੰਦਰ ਸਿੱਧੂ, ਰਮਨਜੀਤ ਸੰਘਾ, ਮਨਦੀਪ ਸਿੱਧੂ, ਜਸ਼ਨ ਖੁੱਡੀਆਂ, ਰਾਜਦੀਪ ਸਿੱਧੂ ਅਤੇ ਰਿਹਾਨ ਕੁਰੈਸ਼ੀ ਆਦਿ ਨੇ ਸ਼ਿਰਕਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਅਣਗਹਿਲੀ ਕਾਰਨ ਪੰਜਾਬੀ ਯੂਨੀਵਰਸਿਟੀ ’ਚ ਨਿਘਾਰ ਆਇਆ ਹੈ। ਤਰਕ ਸੀ ਕਿ ਰੈਗੂਲਰ ਵੀਸੀ ਦਾ ਅਹੁਦਾ 26 ਅਪਰੈਲ 2024 ਤੋਂ ਖਾਲੀ ਪਿਆ ਹੈ। ਹਾਲਾਂਕਿ ਸਾਰੀ ਪ੍ਰਕਿਰਿਆ ਪੂਰੀ ਕਰਕੇ ਤਿੰਨ ਨਾਵਾਂ ਦੀ ਚੋਣ ਵੀ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਇਥੇ ਵੀਸੀ ਦੀ ਨਿਯੁਕਤੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਥੇ ਨਿਯੁਕਤ ਕੀਤੇ ਗਏ ਡਾ. ਕਰਮਜੀਤ ਸਿੰਘ ਨੂੰ ਆਰਜ਼ੀ ਤੌਰ ’ਤੇ ਚਾਰਜ ਦਿੱਤਾ ਗਿਆ ਹੈ ਕਿਉਂਕਿ ਉਹ ਹੋਰ ਯੂਨੀਵਰਸਿਟੀ ਦੇ ਵੀਸੀ ਵਜੋਂ ਕਾਰਜਸ਼ੀਲ ਹਨ। ਮੰਚ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 14 ਅਪਰੈਲ ਨੂੰ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਇਥੇ ਵੀਸੀ ਦੀ ਨਿਯੁਕਤੀ ਯਕੀਨੀ ਬਣਾਉਣ। ਅਜਿਹਾ ਨਾ ਹੋਣ ’ਤੇ ਉਹ ਝੰਡਿਆਂ ਨਾਲ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਮੰਚ ਦਾ ਮੰਨਣਾ ਹੈ ਕਿ ਇਹ ਪ੍ਰਸ਼ਾਸਕੀ ਮੁੱਦਾ ਨਹੀਂ ਹੈ, ਸਗੋਂ ਪੰਜਾਬ ਦੀ ਪ੍ਰਮੁੱਖ ਉੱਚ ਸਿੱਖਿਆ ਸੰਸਥਾ ਦੇ ਭਵਿੱਖ ਦਾ ਮਾਮਲਾ ਹੈ।
ਪੰਜਾਬੀ ਯੂਨੀਵਰਸਿਟੀ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ
ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਦੇ ਆਗੂਆਂ ਦੀ ਇੱਕ ਮੀਟਿੰਗ ਯੂਨੀਵਰਸਿਟੀ ਕੈਂਪਸ ਵਿੱਚ ਹੋਈ ਜਿਸ ਵਿੱਚ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਆਗੂਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਗਰਾਂਟ ਵਧਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਮੰਗ ਕੀਤੀ ਕਿ ਸਰਕਾਰ ਵਾਅਦੇ ਮੁਤਾਬਿਕ ਯੂਨੀਵਰਸਿਟੀ ਸਿਰ ਚੜ੍ਹੇ ਕਰਜ਼ੇ ਦੀ ਮੁਕੰਮਲ ਮੁਆਫ਼ੀ ਯਕੀਨੀ ਬਣਾਵੇ। ਤਰਕ ਸੀ ਕਿ ਅਕਾਦਮਿਕ ਪ੍ਰਸ਼ਾਸਨਿਕ ਮਾਹੌਲ ਸਿਰਜਣ ਲਈ ਸਰਕਾਰ ਯੂਨੀਵਰਸਿਟੀ ਲਈ ਤੁਰੰਤ ਰੈਗੂਲਰ ਵਾਈਸ ਚਾਂਸਲਰ ਦੀ ਨਿਯੁਕਤੀ ਕਰੇ, ਜੋ ਇੱਕ ਸਾਲ ਤੋਂ ਖਾਲੀ ਪਈ ਹੈ। ਅਧਿਆਪਕ ਆਗੂ ਡਾ. ਰਾਜਦੀਪ ਸਿੰਘ ਅਤੇ ਵਿਦਿਆਰਥੀ ਆਗੂ ਅਮਨਦੀਪ ਸਿੰਘ ਖਿਓਵਾਲੀ ਨੇ ਕਿਹਾ ਕਿ ਜੇਕਰ ਇਹ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।