ਪੰਜਵੀਂ ਦੇ ਬੱਚਿਆਂ ਨੂੰ ਦਿੱਤੀ ‘ਫੇਅਰਵੈੱਲ ਪਾਰਟੀ’
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਮਾਰਚ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗਲੀ ਨੰਬਰ 7 ਗੋਬਿੰਦਪੁਰੀ ਨਵੀਂ ਦਿੱਲੀ ਦੀ ਨਿਗਰਾਨੀ ਹੇਠ ਚੱਲ ਰਹੇ ਦਸਮੇਸ਼ ਪਬਲਿਕ ਸਕੂਲ ਵੱਲੋਂ ‘ਫੇਅਰਵੈੱਲ ਪਾਰਟੀ’ ਕਰਵਾਈ ਗਈ। ਇਸ ਮੌਕੇ ਚੌਥੀ ਦੇ ਬੱਚਿਆਂ ਨੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਸ਼ੁਭ ਇੱਛਾਵਾਂ ਨਾਲ ਵਿਦਾਈ ਦਿੱਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਦਿੱਲੀ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਹਾਜ਼ਰੀ ਭਰੀ। ਪ੍ਰੋਗਰਾਮ ਦੀ ਆਰੰਭਤਾ ਬੱਚਿਆਂ ਦੇ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ। ਬੱਚਿਆਂ ਨੂੰ ਸੰਬੋਧਨ ਕਰਦਿਆਂ ਹਰਦਿੱਤ ਸਿੰਘ ਗੋਬਿੰਦਰਪੁਰੀ ਨੇ ਕਿਹਾ ਕਿ ਇਹ ਪਲ ਖ਼ੁਸ਼ੀ ਅਤੇ ਭਾਵੁਕਤਾ ਦਾ ਸੁਮੇਲ ਹੈ। ਬੱਚੇ ਦਸ਼ਮੇਸ਼ ਪਬਲਿਕ ਸਕੂਲ ਤੋਂ ਪਾਸ ਹੋ ਕੇ ਉੱਚ ਵਿੱਦਿਆ ਪ੍ਰਾਪਤੀ ਲਈ ਦੂਜੇ ਸਕੂਲ ਜਾ ਰਹੇ ਹਨ। ਸਾਡੇ ਲਈ ਇਹ ਖ਼ੁਸ਼ੀ ਦੀ ਗੱਲ ਹੈ ਪਰ ਸਾਡੇ ਨਾਲੋਂ ਵਿਛੜ ਰਹੇ ਹਨ ਇਸ ਲਈ ਇਹ ਭਾਵੁਕ ਪਲ ਵੀ ਹੈ। ਇਸ ਮਗਰੋਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਖਜ਼ਾਨਚੀ ਅਜੈਪਾਲ ਸਿੰਘ ਨੇ ਆਪਣੇ ਬਾਕੀ ਮੈਂਬਰਾਂ ਨਾਲ ਮਿਲ ਕੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ। ਜ਼ਿਕਰਯੋਗ ਹੈ ਕਿ ਪੰਜਵੀਂ ਜਮਾਤ ਵਿੱਚ ਸਭ ਤੋਂ ਜ਼ਿਆਦਾ ਨੰਬਰ ਲੈ ਕੇ ਆਉਣ ਵਾਲੇ ਬੱਚਿਆਂ ਨੂੰ ‘ਮਿਸ ਫੇਅਰਵੈਲ’ ਅਤੇ ‘ਮਿਸਟਰ ਫੇਅਰਵਲ’ ਦੇ ਖ਼ਿਤਾਬ ਵੀ ਦਿੱਤੇ ਗਏ। ਵਿਦਾਈ ਸਮੇਂ ਸਕੂਲ ਮੁਖੀ ਬੀਬੀ ਜਗਜੋਤ ਕੌਰ ਅਤੇ ਕਲਾਸ ਅਧਿਆਪਕਾ ਮਨਿੰਦਰ ਕੌਰ ਦੀਆਂ ਅੱਖਾਂ ਨਮ ਹੋ ਗਈਆਂ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਚੌਥੀ ਜਮਾਤ ਦੇ ਬੱਚਿਆਂ ਨੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਬੜੇ ਹੀ ਨਿਮਰਤਾ ਤੇ ਪਿਆਰ ਨਾਲ ਲੰਗਰ ਵੀ ਛਕਾਇਆ।