ਦਿੱਲੀ ਫ਼ਤਹਿ ਦਿਹਾੜਾ ਮਨਾਇਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਮਾਰਚ
ਸਿੱਖ ਜਰਨੈਲਾਂ ਵੱਲੋਂ 1783 ਵਿੱਚ ਕੀਤੀ ਗਈ ਦਿੱਲੀ ਫ਼ਤਹਿ ਦਾ ਯਾਦਗਾਰੀ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਦੋ ਰੋਜ਼ਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਸ਼ਾਮ ਦੇ ਵਿਸ਼ੇਸ਼ ਦੀਵਾਨ ਮੌਕੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜੀਤ ਸਿੰਘ ਦੇ ਜੱਥੇ ਨੇ ਗੁਰਬਾਣੀ ਕੀਰਤਨ ਅਤੇ ਦੂਜੇ ਦਿਨ ਬੀਬੀ ਪੁਸ਼ਪਿੰਦਰ ਕੌਰ ਖਾਲਸਾ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰੇ ਦੇ ਪ੍ਰਧਾਨ ਰਵਿੰਦਰ ਸਿੰਘ ਤੇ ਜਨਰਲ ਸਕੱਤਰ ਰਾਜਾ ਸਿੰਘ ਨੇ ਸੰਗਤਾਂ ਨੂੰ ਦਿੱਲੀ ਫਤਹਿ ਦਿਹਾੜੇ ਦੀ ਵਧਾਈ ਦਿੰਦਿਆਂ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ। ਰਵਿੰਦਰ ਸਿੰਘ ਨੇ ਅਫਸੋਸ ਪ੍ਰਗਟਾਇਆ ਕਿ ਸਰਕਾਰਾਂ ਨੇ ਸਾਡੇ ਮਾਣਮੱਤੇ ਇਤਿਹਾਸ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ, ਜਦੋਂਕਿ ਇਸ ਮੁਲਕ ਲਈ ਹਮੇਸ਼ਾ ਸਿੱਖਾਂ ਨੇ ਮੋਹਰੀ ਭੂਮਿਕਾ ਨਿਭਾਈ ਹੈ। ਗੁਰੂ ਨਾਨਕ ਸਾਹਿਬ ਨਾਲ ਸਬੰਧਤ ਤਿੰਨ ਇਤਿਹਾਸਕ ਗੁਰਦੁਆਰਿਆਂ ਦੀ ਹੋਂਦ ਮਿਟਾਉਣ ਦੀਆਂ ਚਾਲਾਂ ਵੀ ਗ਼ਲਤ ਹਨ, ਅਜਿਹਾ ਨਹੀਂ ਹੋਣਾ ਚਾਹੀਦਾ ਸੀ।