ਪ੍ਰਾਪਰਟੀ ਟੈਕਸ: ਲੋਕਾਂ ਦੇ ਵਿਰੋਧ ਮਗਰੋਂ ਪ੍ਰਸ਼ਾਸਨ ਨੇ ਦਰਾਂ ਘਟਾਈਆਂ
ਕੁਲਦੀਪ ਸਿੰਘ
ਚੰਡੀਗੜ੍ਹ, 23 ਅਪਰੈਲ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀ ਉੱਤੇ ਇਸ ਵਾਰ ਪ੍ਰਸ਼ਾਸਨ ਵੱਲੋਂ ਕੀਤੇ ਭਾਰੀ ਵਾਧੇ ਦਾ ਵਿਰੋਧ ਅਤੇ ਭਾਜਪਾ ਦੀ ਕਿਰਕਿਰੀ ਹੁੰਦੀ ਦੇਖਦਿਆਂ ਪ੍ਰਸ਼ਾਸਨ ਨੇ ਅੱਜ ਇਸ ਵਾਧੇ ਨੂੰ ਥੋੜ੍ਹਾ ਘਟਾ ਦਿੱਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਭਾਜਪਾ ਵੱਲੋਂ ਇਸ ਨੂੰ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਲਿਆ ਗਿਆ ਇਤਿਹਾਸਕ ਫ਼ੈਸਲਾ ਦੱਸਿਆ ਜਾ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕਮਰਸ਼ੀਅਲ ਉਦਯੋਗਿਕ ਪ੍ਰਾਪਰਟੀ ਉੱਤੇ ਟੈਕਸ ਛੇ ਫ਼ੀਸਦੀ ਤੋਂ ਘਟਾ ਕੇ ਪੰਜ ਫ਼ੀਸਦੀ ਕਰ ਦਿੱਤਾ ਗਿਆ ਹੈ। ਰਿਹਾਇਸ਼ੀ ਪ੍ਰਾਪਰਟੀ ਉੱਤੇ ਵਧਾਏ ਗਏ ਤਿੰਨ ਗੁਣਾ ਟੈਕਸ ਨੂੰ ਘਟਾ ਕੇ ਦੋਗੁਣਾ ਕੀਤਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਖ਼ੁਦ ਸ਼ਹਿਰ ਵਾਸੀਆਂ ਅਤੇ ਜਨਤਕ ਨੁਮਾਇੰਦਿਆਂ ਨਾਲ ਜਾਇਦਾਦ ਟੈਕਸ ਵਧਾਉਣ ਦੇ ਮੁੱਦੇ ’ਤੇ ਚਰਚਾ ਕੀਤੀ ਸੀ। ਇਸ ਤੋਂ ਇਲਾਵਾ ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਮੇਅਰ ਅਤੇ ਸਾਬਕਾ ਮੇਅਰਾਂ ਨਾਲ ਵੀ ਇਸ ਮਾਮਲੇ ’ਤੇ ਚਰਚਾ ਕੀਤੀ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਾਇਦਾਦ ਟੈਕਸ ਘਟਾਉਣ ਸਬੰਧੀ ਚੁੱਕਿਆ ਗਿਆ ਇਹ ਕਦਮ ਸ਼ਹਿਰ ਭਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ’ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਏਗਾ।
ਕਾਂਗਰਸ ਨੇ ਪ੍ਰਾਪਰਟੀ ਟੈਕਸ ਵਾਧਾ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਰੱਖੀ
ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਕਾਂਗਰਸ ਦੀ ਮੰਗ ਹੈ ਕਿ ਸ਼ਹਿਰ ਵਿੱਚ ਇਸ ਵਾਰ ਕੀਤਾ ਗਿਆ ਪ੍ਰਾਪਰਟੀ ਟੈਕਸ ਵਾਧਾ ਪੂਰੀ ਤਰ੍ਹਾਂ ਵਾਪਸ ਲਿਆ ਜਾਵੇ। ਇਹ ਵਾਧਾ ਕੋਈ ਢੁੱਕਵੀਂ ਵਿਧੀ ਅਪਣਾਏ ਬਗੈਰ ਅਤੇ ਜਨਤਾ ਦੀਆਂ ਭਾਵਨਾਵਾਂ ਦੇ ਉਲਟ ਹੈ। ਕਾਂਗਰਸ ਪਾਰਟੀ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਕੀਤੇ ਵਿਰੋਧ ਉਪਰੰਤ ਭਾਵੇਂ ਭਾਜਪਾ ਨੇ ਪੈਰ ਪਿੱਛੇ ਖਿੱਚ ਲਏ ਹਨ ਪਰ ਹਾਲੇ ਵੀ ਲੋਕਾਂ ਦੀ ਜੇਬ ਉੱਤੇ ਭਾਰੀ ਬੋਝ ਪਿਆ ਹੋਇਆ ਹੈ ਜਿਸ ਦਾ ਕਾਂਗਰਸ ਵਿਰੋਧ ਕਰਦੀ ਹੈ।
ਚੰਡੀਗੜ੍ਹ ਵਿੱਚ ਅਫ਼ਸਰਸ਼ਾਹੀ ਦਾ ਰਾਜ ਚੱਲਣ ਦੇ ਦੋਸ਼
ਪ੍ਰਾਪਰਟੀ ਟੈਕਸ ਘਟਾਏ ਜਾਣ ਦੇ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਵੁਆਇਸ ਆਫ ਹਾਊਸਿੰਗ ਸੁਸਾਇਟੀਜ਼ ਸੈਕਟਰ-48 ਤੇ 51, ਚੰਡੀਗੜ੍ਹ ਦੇ ਕਨਵੀਨਰ ਐੱਮਐੱਨ ਸ਼ੁਕਲਾ ਨੇ ਕਿਹਾ ਇਸ ਨੂੰ ਭਾਜਪਾ ਦੀ ਡਰਾਮੇਬਾਜ਼ੀ ਗਰਦਾਨਿਆ ਹੈ। ਪੰਜਾਬੀ ਟ੍ਰਿਬਿਊਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਸ਼ੁਕਲਾ ਨੇ ਕਿਹਾ ਕਿ ‘ਸ਼ਹਿਰ ਵਿੱਚ ਪ੍ਰਾਪਰਟੀ ਟੈਕਸ ਵਧਾਉਣ ਵਾਲੀ ਵੀ ਭਾਜਪਾ, ਵਿਰੋਧ ਕਰਨ ਵਾਲੀ ਭਾਜਪਾ ਅਤੇ ਹੁਣ ਘਟਾਉਣ ਦਾ ਡਰਾਮਾ ਕਰਨ ਵਾਲੀ ਵੀ ਭਾਜਪਾ।’ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਦੀ ਬਦਕਿਸਮਤੀ ਇਹ ਹੈ ਕਿ ਇੱਥੇ ‘ਡੈਮੋਕ੍ਰੇਸੀ’ ਲਗਪਗ ਖ਼ਤਮ ਹੋ ਚੁੱਕੀ ਹੈ ਅਤੇ ‘ਬਿਊਰੋਕ੍ਰੇਸੀ’ ਦਾ ਰਾਜ ਹੈ। ਇੱਥੇ ਸਮੇਂ-ਸਮੇਂ ’ਤੇ ਆਉਣ ਵਾਲੇ ਅਫ਼ਸਰਾਂ ਨੂੰ ਚੰਡੀਗੜ੍ਹ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।